JALANDHAR WEATHER

ਤਿੰਨ ਉਮੀਦਵਾਰ ਕਰ ਰਹੇ ਹਨ ਪਿਛਲੇ 15 ਦਿਨਾਂ ਤੋਂ ਨੰਗੇ ਪੈਰੀਂ ਚੋਣ ਪ੍ਰਚਾਰ

ਲੌਂਗੋਵਾਲ, 26 ਮਈ (ਵਿਨੋਦ, ਸ.ਖੰਨਾ) - ਲੌਂਗੋਵਾਲ ਨਗਰ ਕੌਂਸਲ ਚੋਣਾਂ ਵਿਚ ਇਕ ਦਿਲਚਸਪ ਪੱਖ ਇਹ ਸਾਹਮਣੇ ਆਇਆ ਹੈ ਕਿ ਇਥੋਂ ਵਾਰਡ ਨੰਬਰ 13 ਤੋਂ ਉਮੀਦਵਾਰ ਵੀਰਪਾਲ ਕੌਰ ਦੇ ਪਤੀ ਕਰਮਜੀਤ ਸਿੰਘ ਨੇ ਅਤੇ ਵਾਰਡ ਨੰਬਰ 15 ਤੋਂ ਉਮੀਦਵਾਰ ਅਮਨਦੀਪ ਕੌਰ ਦੇ ਪਤੀ ਕੌਰ ਸਿੰਘ ਅਤੇ ਵਾਰਡ ਨੰਬਰ 3 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਬੂਟਾ ਸਿੰਘ ਆਪੋ ਆਪਣੀਆਂ ਚੋਣ ਮੁਹਿੰਮਾਂ ਨੂੰ ਨੰਗੇ ਪੈਰੀਂ ਚਲਾ ਰਹੇ ਹਨ। ਜੇਠ ਮਹੀਨੇ ਦੀ ਤਪਦੀ ਗਰਮੀ ਵਿਚ ਜਦੋਂ ਮਨੁੱਖ ਦਾ ਛਾਂ ਵਿਚ ਵੀ ਖੜ੍ਹਨਾ ਮੁਸ਼ਕਿਲ ਹੈ ਉਦੋਂ ਭੀਸ਼ਨ ਗਰਮੀ ਵਿਚ ਇਹ ਤਿੰਨੋ ਵਿਅਕਤੀ ਪਿਛਲੇ 15 ਦਿਨਾਂ ਤੋਂ ਨੰਗੇ ਪੈਰੀਂ ਤਪਦੀ ਦੁਪਹਿਰ ਵਿਚ ਵੋਟਰਾਂ ਨਾਲ ਸੰਪਰਕ ਕਰ ਰਹੇ ਹਨ। ਇਥੋਂ ਦੇ ਵਾਰਡ ਨੰਬਰ 13 ਤੋਂ ਉਮੀਦਵਾਰ ਵੀਰਪਾਲ ਕੌਰ ਦੇ ਪਤੀ ਕਰਮਜੀਤ ਸਿੰਘ ਅਤੇ ਵਾਰਡ ਨੰਬਰ 15 ਤੋਂ ਉਮੀਦਵਾਰ ਅਮਨਦੀਪ ਕੌਰ ਪਤੀ ਕੌਰ ਸਿੰਘ ਇਥੋਂ ਦੇ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਸਿੱਧ ਸਮਾਧਾਂ ਵਿਖੇ ਪੂਰਨ ਆਸਥਾ ਰੱਖਦੇ ਹਨ ਅਤੇ ਇਹਨਾਂ ਨੇ ਇਸ ਸਥਾਨ ਦੇ ਬਾਹਰ ਆਪਣੀਆਂ ਜੁੱਤੀਆਂ ਉਤਾਰ ਕੇ ਤੱਹਈਆ ਕੀਤਾ ਹੈ ਕਿ ਜਿਨਾਂ ਚਿਰ ਜਿੱਤ ਨਸੀਬ ਨਹੀਂ ਹੁੰਦੀ ਉਨਾਂ ਚਿਰ ਤੱਕ ਪੈਰਾਂ ਚ ਜੁੱਤੀ ਨਹੀਂ ਪਾਉਣਗੇ। ਇਹਨਾਂ ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਭਰਨ ਉਪਰੰਤ ਜੁੱਤੀਆਂ ਉਤਾਰ ਕੇ ਚੋਣ ਪ੍ਰਚਾਰ ਆਰੰਭਿਆ ਹੋਇਆ ਹੈ। ਇਸੇ ਤਰਾਂ ਵਾਰਡ ਨੰਬਰ 3 ਤੋਂ ਕਾਂਗਰਸੀ ਉਮੀਦਵਾਰ ਬੂਟਾ ਸਿੰਘ ਨੇ ਵੀ ਪਹਿਲੇ ਦਿਨ ਤੋਂ ਹੀ ਜੁੱਤੀਆਂ ਉਤਾਰ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਬੂਟਾ ਸਿੰਘ ਦਾ ਕਹਿਣਾ ਹੈ ਕਿ ਉਹ ਵੋਟਰਾਂ ਨਾਲ ਸੰਪਰਕ ਕਰਨ ਦੇ ਨਾਲ ਨਾਲ ਜੁੱਤੀਆਂ ਉਤਾਰ ਕੇ ਭਜਨ ਬੰਦਗੀ ਵੀ ਕਰ ਰਹੇ ਹਨ। ਪਿਛਲੇ ਕਰੀਬ 15 ਦਿਨਾਂ ਤੋਂ 40 ਡਿਗਰੀ ਸੈਲਸੀਅਸ ਤਾਪਮਾਨ ਦੇ ਵਿਚ ਪ੍ਰਚਾਰ ਕਰ ਰਹੇ ਇਹਨਾਂ ਉਮੀਦਵਾਰਾਂ ਦੇ ਪੈਰਾਂ ਦੇ ਵਿਚ ਛਾਲੇ ਹੋ ਗਏ ਹਨ ਅਤੇ ਪੈਰ ਪੂਰੀ ਤਰ੍ਹਾਂ ਨਾਲ ਖਰਾਬ ਹੋ ਚੁੱਕੇ ਹਨ। ਇਹਨਾਂ ਉਮੀਦਵਾਰਾਂ ਦੀ ਇਸ ਕਰੜੀ ਤਪੱਸਿਆ ਦੀ ਸ਼ਹਿਰ ਦੇ ਕੋਨੇ ਕੋਨੇ ਵਿੱਚ ਖੂਬ ਚਰਚਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ