ਆਰ.ਟੀ.ਆਈ. ਕਾਰਕੁਨ ਸਿਮਰਨਜੀਤ ਸਿੰਘ ਕਤਲ ਕਾਂਡ ਸੁਲਝਿਆ, ਮਾਮੇ ਦਾ ਪੁੱਤਰ ਗ੍ਰਿਫ਼ਤਾਰ
ਫਗਵਾੜਾ, 30 ਮਈ (ਹਰਜੋਤ ਸਿੰਘ ਚਾਨਾ)- ਫਗਵਾੜਾ ਦੇ ਲਾਅ ਗੇਟ ਨੇੜੇ ਪਿੰਡ ਮਹੇੜੂ ਸਥਿਤ ਓਮ-3 ਅਪਾਰਟਮੈਂਟਸ ਕੋਲ ਆਰਟੀਆਈ ਕਾਰਕੁਨ ਸਿਮਰਨਜੀਤ ਸਿੰਘ ਦੇ ਹੋਏ ਕਤਲ ਮਾਮਲੇ ਨੂੰ ਪੁਲਿਸ ਨੇ ਕੁੱਝ ਘੰਟਿਆਂ ਵਿਚ ਹੀ ਸੁਲਝਾ ਲਿਆ ਹੈ। ਜਲੰਧਰ ਰੇਂਜ ਦੇ ਡੀ.ਆਈ.ਜੀ. ਨਵੀਨ ਸਿੰਗਲਾ ਨੇ ਅੱਜ ਸ਼ਾਮ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਮ੍ਰਿਤਕ ਦੇ ਮਾਮੇ ਦੇ ਪੁੱਤਰ ਸ਼ਰਨਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਡੀ.ਆਈ.ਜੀ. ਮੁਤਾਬਕ ਸਿਮਰਨਜੀਤ ਸਿੰਘ ਤੇ ਸ਼ਰਨਜੀਤ ਸਿੰਘ ਆਪਸ ਵਿਚ ਰਿਸ਼ਤੇਦਾਰ ਹੋਣ ਦੇ ਨਾਲ-ਨਾਲ ਰੀਅਲ ਅਸਟੇਟ ਦਾ ਕਾਰੋਬਾਰ ਵੀ ਇਕੱਠੇ ਕਰਦੇ ਸਨ। ਪੁਲੀਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਸ਼ਰਨਜੀਤ ਸਿੰਘ ਨੇ ਸਿਮਰਨਜੀਤ ਸਿੰਘ ਤੋਂ ਕਰੀਬ ਪੰਜ ਲੱਖ ਰੁਪਏ ਲੈਣੇ ਸਨ।
ਪੁਲਿਸ ਅਨੁਸਾਰ, ਅੱਜ ਇਹ ਆਪੋ ਆਪਣੀਆਂ ਗੱਡੀਆ ਵਿਚ ਸਵਾਰ ਹੋ ਕੇ ਪਲਾਟ ਦੇਖਣ ਲਈ ਫਗਵਾੜਾ ਦੇ ਮਹੇੜੂ ਇਲਾਕੇ ਵਿਚ ਪਹੁੰਚੇ। ਸ਼ਰਨਜੀਤ ਸਿੰਘ ਆਪਣੇ ਪੰਜ ਦੋਸਤਾਂ ਨਾਲ ਇਕ ਸਵਿਫਟ ਕਾਰ ਵਿਚ ਆਇਆ ਸੀ। ਇਸ ਦੌਰਾਨ ਪੈਸਿਆਂ ਦੇ ਲੈਣ-ਦੇਣ ਅਤੇ ਹੋਰ ਮਾਮਲਿਆਂ ਨੂੰ ਲੈ ਕੇ ਦੋਵਾਂ ਵਿਚਾਲੇ ਤਕਰਾਰ ਹੋ ਗਈ, ਜੋ ਬਾਅਦ ਵਿਚ ਹਿੰਸਕ ਰੂਪ ਧਾਰ ਗਈ।
ਡੀ.ਆਈ.ਜੀ. ਨੇ ਦੱਸਿਆ ਕਿ ਤਕਰਾਰ ਦੌਰਾਨ ਸ਼ਰਨਜੀਤ ਸਿੰਘ ਨੇ ਆਪਣੇ ਸਾਥੀ ਸੰਦੀਪ ਦੇ 32 ਬੋਰ ਲਾਇਸੈਂਸੀ ਰਿਵਾਲਵਰ ਨਾਲ ਗੋਲੀ ਚਲਾ ਦਿੱਤੀ। ਗੋਲੀ ਸਿਰ ਵਿਚ ਲੱਗਣ ਕਾਰਨ ਸਿਮਰਨਜੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਵਾਰਦਾਤ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਏ ।
ਪੁਲਿਸ ਨੇ ਤਕਨੀਕੀ ਅਤੇ ਮਨੁੱਖੀ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਸ਼ਰਨਜੀਤ ਸਿੰਘ ਨੂੰ ਬਾਈਪਾਸ ਤੋਂ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਿਸ ਨੇ ਵਾਰਦਾਤ ਵਿਚ ਵਰਤਿਆ ਗਿਆ ਹਥਿਆਰ ਵੀ ਸ਼ਰਨਜੀਤ ਤੋਂ ਬਰਾਮਦ ਕਰ ਲਿਆ ਹੈ। ਮਾਮਲੇ ਸਬੰਧੀ ਹੋਰ ਪੁੱਛਗਿੱਛ ਜਾਰੀ ਹੈ । ਡੀ.ਆਈ.ਜੀ. ਨੇ ਕਿਹਾ ਕਿ ਮਾਮਲੇ ਦੇ ਹਰ ਪੱਖ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਐਸ.ਐਸ.ਪੀ. ਗੌਰਵ ਤੂਰਾ, ਐਸ.ਪੀ. ਮਾਧਵੀ ਸ਼ਰਮਾ ਵੀ ਸ਼ਾਮਿਲ ਸਨ।
;
;
;
;
;
;
;
;