ਜਿੱਤ ਨੂੰ ਦਿਮਾਗ 'ਤੇ ਨਾ ਚੜ੍ਹਨ ਦਿਓ, ਅਮਨ ਅਰੋੜਾ ਦਾ ਜੇਤੂ ਕੌਂਸਲਰਾਂ ਨੂੰ ਮੰਤਰ
ਲੌਂਗੋਵਾਲ (ਸੰਗਰੂਰ), 31 ਮਈ (ਵਿਨੋਦ, ਖੰਨਾ) - ਪੰਜਾਬ ਦੇ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਅੱਜ ਲੌਂਗੋਵਾਲ ਵਿਖੇ ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿਚ ਜਿੱਤ ਹਾਸਲ ਕਰਨ ਵਾਲੇ ਨਵੇਂ ਚੁਣੇ ਗਏ ਕੌਂਸਲਰਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਵਧਾਈ ਦਿੱਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਲੌਂਗੋਵਾਲ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੀਆਂ ਲੋਕ ਭਲਾਈ ਨੀਤੀਆਂ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਕੰਮਾਂ ਅਤੇ ਸਾਫ਼-ਸੁਥਰੀ ਰਾਜਨੀਤੀ 'ਤੇ ਆਪਣੀ ਮੋਹਰ ਲਗਾਈ ਹੈ।
ਅਮਨ ਅਰੋੜਾ ਨੇ ਜਿੱਤੇ ਅਤੇ ਹਾਰੇ ਉਮੀਦਵਾਰਾਂ ਨੂੰ ਸਫਲਤਾ ਦਾ ਮੰਤਰ ਦਿੰਦਿਆ ਕਿਹਾ ਕਿ ਜੇਕਰ ਤੁਹਾਡੇ ਅੰਦਰ ਲੋਕ ਸੇਵਾ ਦਾ ਜਜ਼ਬਾ ਹੈ ਅਤੇ ਤੁਸੀਂ ਰਾਜਨੀਤੀ ਵਿਚ ਲੰਬੀ ਰੇਸ ਦਾ ਘੋੜਾ ਬਣਨਾ ਚਾਹੁੰਦੇ ਹੋ ਤਾਂ ਜਿੱਤ ਨੂੰ ਦਿਮਾਗ 'ਤੇ ਨਾ ਚੜ੍ਹਨ ਦਿਓ ਅਤੇ ਹਾਰ ਨੂੰ ਦਿਲ 'ਤੇ ਨਾ ਲਾਇਓ। ਤੁਹਾਡੇ ਨਿੱਜੀ ਕੰਮ ਬਾਅਦ ਵਿਚ ਆਏ ਵਾਰਡ ਦੇ ਲੋਕਾਂ ਦੇ ਕੰਮ ਪਹਿਲੀ ਤਰਜ਼ੀਹ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਲੌਂਗੋਵਾਲ ਨੂੰ ਅਜਿਹਾ ਪ੍ਰਧਾਨ ਦੇਣ ਜਾ ਰਹੇ ਹਾਂ ਜਿਸਨੂੰ ਵੇਖ ਕੇ ਹਰ ਲੌਂਗੋਵਾਲ ਵਾਸੀ ਇਹ ਮਹਿਸੂਸ ਕਰੇ ਕਿ ਉਹ ਖੁਦ ਪ੍ਰਧਾਨ ਹੈ। ਨਵੇਂ ਚੁਣੇ ਗਏ ਕੌਂਸਲਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਜਿੱਤ ਸਿਰਫ਼ ਇਕ ਸਿਆਸੀ ਸਫ਼ਲਤਾ ਨਹੀਂ, ਸਗੋਂ ਲੋਕਾਂ ਵਲੋਂ ਸੌਂਪੀ ਗਈ ਵੱਡੀ ਜ਼ਿੰਮੇਵਾਰੀ ਹੈ।
ਉਨ੍ਹਾਂ ਕੌਂਸਲਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ-ਆਪਣੇ ਵਾਰਡਾਂ ਦੇ ਵਿਕਾਸ, ਸਫ਼ਾਈ ਪ੍ਰਬੰਧ, ਬੁਨਿਆਦੀ ਸਹੂਲਤਾਂ ਅਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਨੂੰ ਆਪਣੀ ਪਹਿਲ ਬਣਾਉਣ। ਪੰਜਾਬ ਸਰਕਾਰ ਸ਼ਹਿਰੀ ਵਿਕਾਸ ਨੂੰ ਨਵੀਆਂ ਉਚਾਈਆਂ 'ਤੇ ਲੈ ਕੇ ਜਾਣ ਲਈ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਲੌਂਗੋਵਾਲ ਦੇ ਵਿਕਾਸ ਨਾਲ ਸੰਬੰਧਿਤ ਹਰ ਜਾਇਜ਼ ਮੰਗ ਅਤੇ ਪ੍ਰਾਜੈਕਟ ਨੂੰ ਸਰਕਾਰ ਵਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ।
;
;
;
;
;
;
;
;