ਮੋਬਾਇਲ ਟਾਵਰ ਲੱਗਣ ਦਾ ਪਿੰਡ ਵਾਸੀਆਂ ਨੇ ਕੀਤਾ ਵਿਰੋਧ
ਗੁਰੂ ਹਰਸਹਾਇ (ਫ਼ਿਰੋਜ਼ਪੁਰ), 31 ਮਈ (ਹਰਚਰਨ ਸਿੰਘ ਸੰਧੂ) - ਗੁਰੂ ਹਰਸਹਾਏ ਦੇ ਨੇੜਲੇ ਪਿੰਡ ਕੋਹਰ ਸਿੰਘ ਵਾਲਾ ਵਿਖੇ ਇਕ ਕੰਪਨੀ ਵਲੋਂ ਮੋਬਾਇਲ ਟਾਵਰ ਲਗਾਏ ਜਾਣ ਦਾ ਪਿੰਡ ਵਾਸੀਆਂ ਨੇ ਜ਼ੋਰਦਾਰ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਮੋਬਾਇਲ ਕੰਪਨੀ ਵਲੋਂ ਇਹ ਟਾਵਰ ਘਰਾਂ ਦੇ ਕੋਲ ਲਾਇਆ ਗਿਆ ਹੈ, ਜਿਥੇ ਕਿ ਸੰਘਣੀ ਆਬਾਦੀ ਹੈ। ਇਸ ਮਾਮਲੇ ਨੂੰ ਲੈ ਕੇ ਪੂਰੇ ਪਿੰਡ ਵਾਸੀਆਂ ਨੇ ਅੱਜ ਇਕਜੁਟਤਾ ਦਾ ਪ੍ਰਗਟਾਵਾ ਕਰਦਿਆਂ ਮੋਬਾਇਲ ਟਾਵਰ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਇਹ ਮੋਬਾਇਲ ਟਾਵਰ ਇਸ ਜਗ੍ਹਾ ਦੀ ਥਾਂ 'ਤੇ ਪਿੰਡ ਤੋਂ ਦੂਰ ਬਾਹਰਵਾਰ ਲਗਾਇਆ ਜਾਵੇ ।ਇਸ ਮੌਕੇ 'ਤੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਬਲਾਕ ਪ੍ਰਧਾਨ ਜਸਵੀਰ ਸਿੰਘ ਕੋਹਰ ਸਿੰਘ ਵਾਲਾ ਤੇ ਹੋਰ ਕਿਸਾਨਾਂ ਸਮੇਤ ਪਿੰਡ ਵਾਸੀਆਂ ਨੇ ਇਕ ਭਰਵੀਂ ਮੀਟਿੰਗ ਕਰਦਿਆਂ ਮੋਬਾਇਲ ਟਾਵਰ ਨਾ ਲੱਗਣ ਦੇਣ ਦਾ ਫ਼ੈਸਲਾ ਕਰਦਿਆਂ ਕਿਹਾ ਕਿ ਇਹ ਮੋਬਾਇਲ ਟਾਵਰ ਕਿਸੇ ਵੀ ਕੀਮਤ 'ਤੇ ਇੱਥੇ ਲੱਗਣ ਨਹੀਂ ਦਿੱਤਾ ਜਾਵੇਗਾ ਅਤੇ ਇਸ ਨੂੰ ਤਬਦੀਲ ਕਰਨਾ ਸਮੇਂ ਦੀ ਮੁੱਖ ਲੋੜ ਹੈ। ਕਿਉਂਕਿ ਜੇਕਰ ਇਹ ਮੋਬਾਇਲ ਟਾਵਰ ਇਥੇ ਹੀ ਚਾਲੂ ਹੋ ਗਿਆ ਤਾਂ ਆਬਾਦੀ ਵਾਲਾ ਘਰਾਂ ਦੇ ਨੇੜੇ ਹੋਣ ਕਾਰਨ, ਮੋਬਾਈਲ ਟਾਵਰ ਦੀਆ ਕਿਰਨਾਂ ਦਾ ਲੋਕਾਂ ਦੇ ਸਰੀਰ ਤੇ ਬੁਰਾ ਪ੍ਰਭਾਵ ਪੈਂਦਾ ਹੈ। ਇਸ ਕਾਰਨ ਇਥੋਂ ਹਟਾ ਕੇ ਇਹ ਮੋਬਾਇਲ ਟਾਵਰ ਕਿਤੇ ਬਾਹਰ ਦੂਰ ਲਗਾਇਆ ਜਾਵੇ । ਲੋਕਾਂ ਨੇ ਦੱਸਿਆ ਕਿ ਰਿਹਾਇਸ਼ੀ ਇਲਾਕੇ ਵਿਚ ਹੋਣ ਕਰਕੇ ਹਨ੍ਹੇਰੀ ਨਾਲ ਕਦੇ ਵੀ ਟਾਵਰ ਡਿੱਗ ਸਕਦਾ ਹੈ, ਜਿਸ ਦਾ ਖਮਿਆਜ਼ਾ ਲੋਕਾਂ ਨੂੰ ਭੁਗਤਣਾ ਪਵੇਗਾ ਕਿਉਂਕਿ ਜਾਨੀ ਮਾਲੀ ਨੁਕਸਾਨ ਹੋ ਜਾਂਦਾ ਹੈ। ਲੋਕਾਂ ਨੇ ਟਾਵਰ ਹਟਾਉਣ ਨੂੰ ਲੈਕੇ ਪੱਕਾ ਮੋਰਚਾ ਲਾਉਣ ਦਾ ਐਲਾਨ ਕੀਤਾ।
;
;
;
;
;
;
;
;