JALANDHAR WEATHER

ਗਗਨਦੀਪ ਕੌਰ ਵਲੋਂ ਮੁੱਖ ਮੰਤਰੀ ਨੂੰ ਕੀਤੇ ਸਵਾਲ ਤੋਂ ਬਾਅਦ ਸਰਕਾਰ ਨੇ ਬਦਲਿਆ ਫ਼ੈਸਲਾ

ਮੱਤੇਵਾਲ (ਅੰਮ੍ਰਿਤਸਰ) , 31 ਮਈ ( ਗੁਰਪ੍ਰੀਤ ਸਿੰਘ ਮੱਤੇਵਾਲ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 8ਵੀਂ, 10ਵੀਂ ਤੇ 12ਵੀਂ ਜਮਾਤ ਦੇ ਐਲਾਨੇ ਗਏ ਨਤੀਜਿਆਂ ਤੋਂ ਬਾਅਦ ਅੱਜ ਪੰਜਾਬ ਦੇ ਹਰੇਕ ਜ਼ਿਲ੍ਹੇ ਵਿਚੋਂ ਪਹਿਲੀ ਦੂਜੀ ਅਤੇ ਤੀਸਰੀ ਪੁਜ਼ੀਸ਼ਨ ਲੈਣ ਵਾਲੇ ਬੱਚਿਆਂ ਨੂੰ ਸਨਮਾਨਿਤ ਕਰਨ ਲਈ ਚੰਡੀਗੜ੍ਹ ਇਕ ਸੂਬਾ ਪੱਧਰੀ ਸਮਾਗਮ ਕਰਵਾਇਆ ਗਿਆ, ਜਿਸ ਵਿਚ ਅੰਮ੍ਰਿਤਸਰ ਜ਼ਿਲ੍ਹੇ ਤੋਂ ਕੁੱਲ 13 ਬੱਚੇ ਸ਼ਾਮਿਲ ਹੋਏ। ਦੱਸਣ ਯੋਗ ਹੈ ਕਿ ਨਜ਼ਦੀਕ ਪਿੰਡ ਤਨੇਲ ਤੋਂ ਨਾਮੀ ਵਿਦਿਅਕ ਅਦਾਰੇ ਅੰਬਰ ਪਬਲਿਕ ਸਕੂਲ ਦੇ ਜਿਲ੍ਹੇ ਦੇ 13 ਵਿਚੋਂ 7 ਵਿਦਿਆਰਥੀ ਇਸ ਸਮਾਗਮ ਵਿਚ ਸ਼ਾਮਿਲ ਹੋਏ ਅਤੇ ਚਲਦੇ ਸਮਾਗਮ ਦੌਰਾਨ ਸਕੂਲ ਦੀ ਇਕ ਵਿਦਿਆਰਥਣ ਗਗਨਦੀਪ ਕੌਰ ਪੁੱਤਰੀ ਸੁਖਰਾਜ ਸਿੰਘ ਵਾਸੀ ਪਿੰਡ ਤਾਰਪੁਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਹ ਸਵਾਲ ਕੀਤਾ ਕਿ ਜ਼ਿਲ੍ਹੇ ਵਿਚ ਇਕ ਹੀ ਸਕੂਲ ਦੇ ਤਿੰਨ ਵਿਦਿਆਰਥੀਆਂ ਵਲੋਂ ਬਰਾਬਰ ਅੰਕ ਲਏ ਗਏ, ਪਰ ਕੇਵਲ ਉਨ੍ਹਾਂ ਦੀ ਉਮਰ ਵੱਧ ਘੱਟ ਹੋਣ ਕਰਕੇ ਉਨ੍ਹਾਂ ਦੀ ਪੁਜ਼ੀਸ਼ਨ ਪਹਿਲੀ, ਦੂਜੀ ਤੇ ਤੀਸਰੀ ਬਣਾ ਦਿੱਤੀ ਗਈ ਜੋ ਕਿ ਸਰਾਸਰ ਗਲਤ ਹੈ ਕਿਉਂਕਿ ਬਰਾਬਰ ਮਿਹਨਤ ਕਰਕੇ ਬਰਾਬਰ ਦੇ ਅੰਕ ਲੈਣ ਦੇ ਬਾਵਜੂਦ ਉਨਾਂ ਨੂੰ ਬਰਾਬਰ ਪੁਜ਼ੀਸ਼ਨ ਨਹੀਂ ਮਿਲੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਇਸ ਵਿਦਿਆਰਥਣ ਗਗਨਦੀਪ ਕੌਰ ਦੀ ਗੱਲ ਨੂੰ ਜਾਇਜ਼ ਠਹਿਰਾਉਂਦਿਆਂ ਇਹ ਫ਼ੈਸਲਾ ਲਿਆ ਗਿਆ ਕਿ ਅੱਗੇ ਤੋਂ ਬਰਾਬਰ ਅੰਕ ਵਾਲੇ ਬੱਚਿਆਂ ਦੀ ਪੁਜ਼ੀਸ਼ਨ ਅੰਕਾਂ ਦੇ ਹਿਸਾਬ ਨਾਲ ਕੀਤੀ ਜਾਵੇਗੀ । ਇੱਥੇ ਜ਼ਿਕਰਯੋਗ ਹੈ ਕਿ ਉਕਤ ਵਿਦਿਆਰਥਣ ਨੇ 12ਵੀਂ ਜਮਾਤ ਵਿਚੋਂ 650 ਅੰਕਾਂ ਵਿਚੋਂ 637 ਅੰਕ ਲੈ ਕੇ ਜ਼ਿਲ੍ਹੇ ਵਿਚੋਂ ਦੂਸਰਾ ਸਥਾਨ ਹਾਸਿਲ ਕੀਤਾ ਸੀ ਜਦਕਿ ਇਸੇ ਹੀ ਸਕੂਲ ਦੇ ਦੋ ਹੋਰ ਵਿਦਿਆਰਥੀਆਂ ਨੇ ਬਰਾਬਰ ਅੰਕ ਲਏ ਹੋਏ ਸਨ, ਜਿਨ੍ਹਾਂ ਦੀ ਪੁਜ਼ੀਸ਼ਨ ਪਹਿਲੀ ਅਤੇ ਤੀਸਰੀ ਕਰ ਦਿੱਤੀ ਗਈ ਸੀ ਅਤੇ ਨਤੀਜੇ ਵਾਲੇ ਦਿਨ ਤੋਂ ਉਹ ਇਸ ਗੱਲ ਨੂੰ ਲੈ ਕੇ ਕਾਫੀ ਨਿਰਾਸ਼ ਸੀ।ਅੱਜ ਮੁੱਖ ਮੰਤਰੀ ਪੰਜਾਬ ਨੂੰ ਕੀਤੇ ਇਸ ਸਵਾਲ ਨਾਲ ਪੰਜਾਬ ਸਰਕਾਰ ਨੂੰ ਇਹ ਫ਼ੈਸਲਾ ਲੈਣ ਲਈ ਮਜ਼ਬੂਰ ਹੋਣਾ ਪਿਆ। ਸਕੂਲ ਦੇ ਪ੍ਰਿੰਸੀਪਲ ਬਲਕਾਰ ਸਿੰਘ ਹੁੰਦਲ ਨੇ ਖੁਸ਼ੀ ਪ੍ਰਗਟ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਹੋਣਹਾਰ ਵਿਦਿਆਰਥਣ ਗਗਨਦੀਪ ਕੌਰ ਵਲੋਂ ਇਸ ਰਾਜ ਪੱਧਰੀ ਸਮਾਗਮ ਦੌਰਾਨ ਮੁੱਖ ਮੰਤਰੀ ਸਾਹਿਬ ਨੂੰ ਕੀਤੇ ਗਏ ਸਵਾਲ ਤੋਂ ਬਾਅਦ ਪੰਜਾਬ ਸਰਕਾਰ ਵਲੋਂ ਅੰਕਾਂ ਦੇ ਆਧਾਰ 'ਤੇ ਪੋਜੀਸ਼ਨ ਦੇਣ ਦਾ ਜੋ ਫ਼ੈਸਲਾ ਪੰਜਾਬ ਸਰਕਾਰ ਵਲੋਂ ਲਿਆ ਗਿਆ ਹੈ, ਉਸ ਨਾਲ ਅੱਗੇ ਤੋਂ ਕਈ ਬੱਚਿਆਂ ਦਾ ਉਤਸਾਹ ਹੋਰ ਵੀ ਵਧੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ