JALANDHAR WEATHER

ਅਜਨਾਲਾ ਖੇਤਰ ਵਿਚ ਦੂਜੇ ਦਿਨ ਵੀ ਬਿਜਲੀ ਦਾ ਬਲੈਕਆਊਟ, ਭਾਰੀ ਤੂਫ਼ਾਨ ਤੋਂ ਬਾਅਦ ਜਨ-ਜੀਵਨ ਰਿਹਾ ਪ੍ਰਭਾਵਿਤ

ਅਜਨਾਲਾ, 12 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)- ਬੀਤੇ ਦਿਨ ਅਜਨਾਲਾ ਖੇਤਰ ਵਿਚ ਆਏ ਭਾਰੀ ਹਨੇਰੀ-ਝੱਖੜ ਅਤੇ ਤੂਫਾਨ ਤੋਂ ਬਾਅਦ ਫਤਿਹਗੜ੍ਹ ਚੂੜੀਆਂ ਨਜ਼ਦੀਕ ਬਿਜਲੀ ਦਾ ਟਾਵਰ ਤਹਿਸ ਨਹਿਸ ਹੋ ਜਾਣ ਅਤੇ ਸਰਹੱਦੀ ਖੇਤਰ ਵਿਚ ਵੱਡੀ ਗਿਣਤੀ ਵਿਚ ਖੰਭੇ ਅਤੇ ਟ੍ਰਾਂਸਫਾਰਮਰ ਡਿੱਗ ਜਾਣ ਕਾਰਨ ਅੱਜ ਵੀ 66 ਕੇ.ਵੀ ਬਿਜਲੀ ਘਰ ਅਜਨਾਲਾ, ਡਿਆਲ ਭੜੰਗ ਅਤੇ ਚੱਕ ਡੋਗਰਾਂ ਅਧੀਨ ਆਉਂਦੇ ਖੇਤਰ ਵਿਚ ਬਿਜਲੀ ਸਪਲਾਈ ਪੂਰੀ ਤਰ੍ਹਾਂ ਬਹਾਲ ਨਹੀਂ ਹੋ ਸਕੀ, ਜਿਸ ਕਾਰਨ ਆਮ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਬੀਤੇ ਕੱਲ੍ਹ ਤੇਜ਼ ਹਵਾਵਾਂ ਕਾਰਨ ਬਿਜਲੀ ਦੀਆਂ ਲਾਈਨਾਂ, ਖੰਭਿਆਂ ਅਤੇ ਹੋਰ ਢਾਂਚੇ ਨੂੰ ਨੁਕਸਾਨ ਪਹੁੰਚਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ, ਜਿਸ ਕਾਰਨ ਬਿਜਲੀ ਵਿਭਾਗ ਵਲੋਂ ਲਗਾਤਾਰ ਕੋਸ਼ਿਸ਼ਾਂ ਦੇ ਬਾਵਜੂਦ ਦੇਰ ਰਾਤ ਤੱਕ ਵੀ ਸਪਲਾਈ ਮੁੜ ਬਹਾਲ ਨਹੀਂ ਕੀਤੀ ਜਾ ਸਕੀ। ਬਿਜਲੀ ਬੰਦ ਰਹਿਣ ਕਾਰਨ ਪਿੰਡਾਂ ਅਤੇ ਕਸਬਿਆਂ ਵਿਚ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਪ੍ਰਭਾਵਿਤ ਹੋ ਗਈ। ਖ਼ਾਸ ਕਰਕੇ ਪਾਣੀ ਦੀ ਸਪਲਾਈ ਠੱਪ ਹੋਣ ਕਾਰਨ ਲੋਕਾਂ ਨੂੰ ਆਪਣੇ ਘਰਾਂ ਦੇ ਨਾਲ-ਨਾਲ ਪਸ਼ੂਆਂ ਲਈ ਵੀ ਪਾਣੀ ਦੀ ਚਿੰਤਾ ਸਤਾਉਣ ਲੱਗੀ।

ਕਈ ਥਾਵਾਂ 'ਤੇ ਲੋਕਾਂ ਨੂੰ ਮੋਟਰਾਂ ਨਾ ਚੱਲਣ ਕਾਰਨ ਪਾਣੀ ਇਕੱਠਾ ਕਰਨ ਲਈ ਜਨਰੇਟਰਾਂ ਤੇ ਹੋਰ ਸਾਧਨਾਂ ਦਾ ਸਹਾਰਾ ਲੈਣਾ ਪਿਆ। ਸਥਾਨਕ ਲੋਕਾਂ ਨੇ ਮੰਗ ਕੀਤੀ ਕਿ ਬਿਜਲੀ ਸਪਲਾਈ ਨੂੰ ਜਲਦ ਤੋਂ ਜਲਦ ਬਹਾਲ ਕੀਤਾ ਜਾਵੇ ਤਾਂ ਜੋ ਆਮ ਜਨਤਾ ਨੂੰ ਰਾਹਤ ਮਿਲ ਸਕੇ। ਉੱਧਰ ਬਿਜਲੀ ਵਿਭਾਗ ਦੀਆਂ ਟੀਮਾਂ ਵਲੋਂ ਫਤਿਹਗੜ੍ਹ ਚੂੜੀਆਂ ਨਜ਼ਦੀਕ ਨੁਕਸਾਨੇ ਗਏ ਬਿਜਲੀ ਟਾਵਰ ਅਤੇ ਅਜਨਾਲਾ ਖੇਤਰ ਵਿਚ ਨੁਕਸਾਨੀਆਂ ਗਈਆਂ ਲਾਈਨਾਂ ਦੀ ਮੁਰੰਮਤ ਦਾ ਕੰਮ ਜੰਗੀ ਪੱਧਰ 'ਤੇ ਜਾਰੀ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ