ਡੇਰਾਬੱਸੀ ਬੱਸ ਅੱਡੇ 'ਤੇ ਫਟਿਆ ਤਿਰੰਗਾ ਲਹਿਰਾ ਰਿਹਾ, ਲੋਕਾਂ ਨੇ ਜਤਾਇਆ ਰੋਸ
ਡੇਰਾਬੱਸੀ, 21 ਜੂਨ- ਦੇਸ਼ ਦੀ ਆਨ, ਬਾਨ ਅਤੇ ਸ਼ਾਨ ਦਾ ਪ੍ਰਤੀਕ ਤਿਰੰਗਾ ਝੰਡਾ ਡੇਰਾਬੱਸੀ ਬੱਸ ਅੱਡੇ 'ਤੇ ਆਪਣੀ ਖ਼ਰਾਬ ਹਾਲਤ ਕਾਰਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸਥਾਨਕ ਲੋਕਾਂ ਅਤੇ ਯਾਤਰੀਆਂ ਨੇ ਸ਼ਿਕਾਇਤ ਕੀਤੀ ਹੈ ਕਿ ਬੱਸ ਅੱਡੇ 'ਤੇ ਲੱਗਾ ਰਾਸ਼ਟਰੀ ਝੰਡਾ ਕਈ ਥਾਵਾਂ ਤੋਂ ਫੱਟ ਚੁੱਕਾ ਹੈ, ਪਰ ਇਸ ਨੂੰ ਸਤਿਕਾਰ ਨਾਲ ਹਟਾ ਕੇ ਨਵਾਂ ਝੰਡਾ ਲਗਾਉਣ ਦੀ ਬਜਾਏ ਉਸੇ ਹਾਲਤ ਵਿਚ ਲਹਿਰਾਇਆ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਨਗਰ ਕੌਂਸਲ ਵਲੋਂ ਕੁੱਝ ਸਮਾਂ ਪਹਿਲਾਂ ਬੱਸ ਅੱਡੇ ਦੇ ਸੁੰਦਰੀਕਰਨ ਤਹਿਤ ਉੱਚਾ ਤਿਰੰਗਾ ਝੰਡਾ ਲਗਾਇਆ ਗਿਆ ਸੀ। ਪਰ ਹੁਣ ਝੰਡੇ ਦੀ ਮਾੜੀ ਹਾਲਤ ਦੇਖ ਕੇ ਲੋਕਾਂ ਵਿਚ ਨਾਰਾਜ਼ਗੀ ਹੈ। ਲੋਕਾਂ ਦਾ ਕਹਿਣਾ ਹੈ ਕਿ ਰਾਸ਼ਟਰੀ ਝੰਡੇ ਦਾ ਸਨਮਾਨ ਬਣਾਈ ਰੱਖਣਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ, ਪਰ ਇਸ ਮਾਮਲੇ ਵਿਚ ਗੰਭੀਰ ਲਾਪਰਵਾਹੀ ਦਿਖਾਈ ਦੇ ਰਹੀ ਹੈ। ਸਥਾਨਕ ਵਸਨੀਕਾਂ ਨੇ ਕਿਹਾ ਕਿ ਫਟੇ ਹੋਏ ਤਿਰੰਗੇ ਨੂੰ ਲਹਿਰਾਉਣਾ ਰਾਸ਼ਟਰੀ ਝੰਡੇ ਦੇ ਸਨਮਾਨ ਦੇ ਖ਼ਿਲਾਫ਼ ਹੈ ਅਤੇ ਇਸ ਨਾਲ ਦੇਸ਼ ਭਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਫੌਰੀ ਤੌਰ 'ਤੇ ਫਟੇ ਹੋਏ ਝੰਡੇ ਨੂੰ ਹਟਾ ਕੇ ਨਵਾਂ ਤਿਰੰਗਾ ਲਗਾਇਆ ਜਾਵੇ।
ਲੋਕਾਂ ਨੇ ਇਹ ਵੀ ਦਾਅਵਾ ਕੀਤਾ ਕਿ ਡੇਰਾਬੱਸੀ ਦੇ ਨਾਲ-ਨਾਲ ਲਾਲੜੂ ਨਗਰ ਕੌਂਸਲ ਵਿਚ ਲੱਗੇ ਤਿਰੰਗੇ ਦੀ ਹਾਲਤ ਵੀ ਚੰਗੀ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਕਾਰਵਾਈ ਨਾ ਕੀਤੀ ਗਈ ਤਾਂ ਇਸ ਨੂੰ ਰਾਸ਼ਟਰੀ ਝੰਡੇ ਦੀ ਬੇਅਦਬੀ ਮੰਨਦਿਆਂ ਵਿਰੋਧ ਦਰਜ ਕਰਵਾਇਆ ਜਾਵੇਗਾ।
ਇਸ ਸਬੰਧੀ ਨਗਰ ਕੌਂਸਲ ਅਧਿਕਾਰੀ ਰਵਨੀਤ ਸਿੰਘ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ ਅਤੇ ਜਲਦੀ ਹੀ ਫਟੇ ਹੋਏ ਝੰਡੇ ਦੀ ਥਾਂ ਨਵਾਂ ਤਿਰੰਗਾ ਲਗਾ ਦਿੱਤਾ ਜਾਵੇਗਾ।
;
;
;
;
;
;
;
;