ਨੌਜਵਾਨ ਦੀ ਰੇਲ ਗੱਡੀ ਦੀ ਲਪੇਟ ’ਚ ਆਉਣ ਕਾਰਨ ਹੋਈ ਮੌਤ
ਜੈਤੋ, 22 ਜੂਨ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਜੈਤੋ-ਗੋਨਿਆਣਾ-ਬਠਿੰਡਾ ਰੇਲ ਮਾਰਗ ’ਤੇ ਪੈਂਦੇ ਪਿੰਡ ਚੰਦਭਾਨ ਵਿਖੇ ਨੌਜਵਾਨ ਦੇ ਰੇਲ ਗੱਡੀ ਦੀ ਲਪੇਟ ਵਿਚ ਆਉਣ ਕਰਕੇ ਮੌਤ ਹੋ ਜਾਣ ਦਾ ਪਤਾ ਲੱਗਿਆ ਹੈ। ਜੀ.ਆਰ.ਪੀ ਰੇਲਵੇ ਪੁਲਿਸ ਬਠਿੰਡਾ ਦੇ ਐਸ.ਐਚ.ਓ ਕੁਲਦੀਪ ਚੰਦ ਨੂੰ ਉਕਤ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਜੀ.ਆਰ.ਪੀ ਰੇਲਵੇ ਪੁਲਿਸ ਚੌਂਕੀ ਗੋਨਿਆਣਾ ਦੇ ਇੰਚਾਰਜ ਜਸਵਿੰਦਰ ਸਿੰਘ ਨੂੰ ਪੁਲਿਸ ਮੁਲਾਜ਼ਮਾਂ ਸਮੇਤ ਪਿੰਡ ਚੰਦਭਾਨ ਵਿਖੇ ਮੌਕੇ ’ਤੇ ਭੇਜਿਆ। ਰੇਲਵੇ ਚੌਂਕੀ ਦੇ ਇੰਚਾਰਜ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਮ੍ਰਿਤਕ ਨੌਜਵਾਨ ਪਹਿਚਾਣ ਨਾਨਕ ਸਿੰਘ (25) ਪੁੱਤਰ ਸੇਵਕ ਸਿੰਘ ਵਾਸੀ ਪਿੰਡ ਚੰਦਭਾਨ ਵਜੋਂ ਹੋਈ ਹੈ ਅਤੇ ਨਾਨਕ ਸਿੰਘ ਜੋ ਕਿ ਪਿੰਡ ਚੰਦਭਾਨ ਦੇ ਰੇਲਵੇ ਦੇ ਪਿੱਲਰ ਨੰਬਰ 317/13, 14 ਦੇ ਨਜ਼ਦੀਕ ਰੇਲ ਗੱਡੀ ਦੇ ਲਪੇਟ ਵਿਚ ਆ ਗਿਆ ਤੇ ਮੌਤ ਹੋ ਗਈ।
ਇਸ ਮੌਕੇ ਚੜਦੀਕਲਾਂ ਵੈੱਲਫੇਅਰ ਸੇਵਾ ਸੁਸਾਇਟੀ ਗੰਗਸਰ ਰਜਿ: ਜੈਤੋ ਦੇ ਸੇਵਾਦਾਰ ਮੀਤ ਸਿੰਘ ਮੀਤਾ ਆਪਣੀ ਐਬੂਲੈਂਸ ਲੈ ਕੇ ਉਕਤ ਸਥਾਨ ’ਤੇ ਪਹੁੰਚਿਆ ਅਤੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਸਰਕਾਰੀ ਸਿਵਲ ਹਸਪਤਾਲ ਬਠਿੰਡਾ ਵਿਖੇ ਲੈ ਕੇ ਪਹੁੰਚਿਆ। ਉਨ੍ਹਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ| ਇਸ ਮੌਕੇ .ਆਰ.ਪੀ ਰੇਲਵੇ ਪੁਲਿਸ ਚੌਂਕੀ ਗੋਨਿਆਣਾ ਦੇ ਏ.ਐੱਸ.ਆਈ ਹਰਪ੍ਰੀਤ ਸਿੰਘ, ਪੁਲਿਸ ਮੁਲਾਜਮ ਸੋਹਣ ਸਿੰਘ ਆਦਿ ਮੁਲਾਜਮਾਂ ਤੋਂ ਇਲਾਵਾ ਚੜਦੀ ਕਲਾ ਵੈੱਲਫੇਅਰ ਸੇਵਾ ਸੁਸਾਇਟੀ ਗੰਗਸਰ ਰਜਿ: ਜੈਤੋ ਦੇ ਸੇਵਾਦਾਰ ਮੌਜੂਦ ਸਨ।
;
;
;
;
;
;
;
;