ਤਿੰਨ ਮਹੀਨੇ ਪਹਿਲਾਂ ਦਿੱਤੀ ਦਰਖ਼ਾਸਤ ’ਤੇ ਕਾਰਵਾਈ ਨਾ ਕਰਨ ਤੇ ਰੋਹ ਭਰੀ ਮੀਟਿੰਗ
ਚੋਗਾਵਾਂ/ਅੰਮ੍ਰਿਤਸਰ, 23 ਜੂਨ (ਗੁਰਵਿੰਦਰ ਸਿੰਘ ਕਲਸੀ)-ਥਾਣਾ ਲੋਪੋਕੇ ਦੀ ਪੁਲਿਸ ਵਲੋਂ ਪਿੰਡ ਕੱਕੜ ਤੇ ਹੋਰਨਾਂ ਮਸਲਿਆਂ ਸਬੰਧੀ ਦਿੱਤੀ ਦਰਖ਼ਾਸਤ ਤੇ ਕਾਰਵਾਈ ਨਾ ਕਰਨ ਤੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਪ੍ਰਗਟ ਸਿੰਘ ਧਰਮਕੋਟ ਦੀ ਅਗਵਾਈ ਹੇਠ ਰੋਹ ਭਰੀ ਮੀਟਿੰਗ ਹੋਈ। ਇਸ ਮੌਕੇ ਪ੍ਰਧਾਨ ਪ੍ਰਗਟ ਸਿੰਘ ਨੇ ਪੁਲਿਸ ਪ੍ਰਸ਼ਾਸਨ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਥਾਣਿਆਂ ਵਿਚ ਲੋਕਾਂ ਨੂੰ ਇਨਸਾਫ਼ ਨਹੀਂ ਮਿਲ ਰਿਹਾ ਹੈ। ਤਿੰਨ ਮਹੀਨੇ ਪਹਿਲਾਂ ਪਿੰਡ ਭੀਲੋਵਾਲ ਕੱਚਾ ਦੇ ਕੁਲਦੀਪ ਸਿੰਘ ਦਾ ਪਿੰਡ ਕੱਕੜ ਦੇ ਆੜਤੀਆਂ ਨਾਲ ਪੈਸਿਆਂ ਦਾ ਲੈਣ ਦੇਣ ਚੱਲਦਾ ਸੀ।
ਜਿਸਦਾ ਰਾਜੀਨਾਮਾ ਵੀ ਹੋਇਆ ਸੀ। ਪਰ ਫਿਰ ਵੀ ਉਕਤ ਆੜਤੀਆਂ ਵਲੋਂ ਕਣਕ ਦੀ ਭਰੀ ਟਰੈਕਟਰ ਟਰਾਲੀ ਖੋਹ ਕੇ ਲੈ ਗਏ ਤੇ ਜੋਬਨਪ੍ਰੀਤ ਸਿੰਘ ਦੀ ਕੁੱਟਮਾਰ ਕਰਕੇ ਜ਼ਖ਼ਮੀ ਕਰ ਦਿੱਤਾ ਸੀ। ਇਸ ਸਬੰਧੀ ਪੁਲਿਸ ਥਾਣਾ ਲੋਪੋਕੇ ਵਿਖੇ ਐਮ. ਐਲ. ਆਰ. ਦੀ ਰਿਪੋਰਟ ਦੇਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਕੀਤੀ। ਜਿਸ ਦੇ ਵਿਰੋਧ ਵਿਚ 24 ਜੂਨ ਨੂੰ ਥਾਣਾ ਲੋਪੋਕੇ ਦਾ ਅਣਮਿਥੇ ਸਮੇਂ ਲਈ ਘਿਰਾਓ ਕੀਤਾ ਜਾਵੇਗਾ। ਜੇਕਰ ਫਿਰ ਵੀ ਕੋਈ ਇਨਸਾਫ਼ ਨਾ ਮਿਲਿਆ ਤਾਂ ਰੋਡ ਜਾਮ ਕੀਤਾ ਜਾਵੇਗਾ। ਇਸ ਸਬੰਧੀ ਆੜਤੀ ਸਾਹਿਬ ਸਿੰਘ ਤੇ ਰੇਸ਼ਮ ਸਿੰਘ ਨੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਕੁਲਦੀਪ ਸਿੰਘ ਕੋਲੋਂ 6 ਲੱਖ ਰੁਪਏ ਲੈਣੇ ਹਨ।
ਉਹ ਸਾਡੇ ਪੈਸੇ ਨਹੀਂ ਮੋੜ ਰਿਹਾ ਸੀ ਤੇ ਨਾ ਹੀ ਸਾਡੀ ਆੜਤ ਤੇ ਜਿਨਸ ਸੁੱਟ ਰਿਹਾ ਸੀ। ਇਹ ਸਾਰਾ ਮਸਲਾ ਪੁਲਿਸ ਦੇ ਧਿਆਨ ਵਿਚ ਹੈ। ਇਸ ਸਬੰਧੀ ਪੁਲਿਸ ਨੇ ਕਿਹਾ ਕਿ ਦੋਵਾਂ ਧਿਰਾਂ ਦੀਆਂ ਸ਼ਿਕਾਇਤਾਂ ਆਈਆਂ ਹਨ। ਦੋਵਾਂ ਧਿਰਾਂ ਨੂੰ ਥਾਣੇ ਬੁਲਾਇਆ ਗਿਆ। ਇਸ ਮੌਕੇ ਮਲਕੀਤ ਸਿੰਘ, ਨਿਸ਼ਾਨ ਸਿੰਘ ਨੰਬਰਦਾਰ, ਬਾਜ ਸਿੰਘ ਮਾਮਦਪੁਰਾ, ਗੁਰਮੇਜ ਸਿੰਘ, ਹਰਸ਼ਪ੍ਰੀਤ ਸਿੰਘ ਭੀਲੋਵਾਲ, ਦਿਲਪ੍ਰੀਤ ਸਿੰਘ ਧਰਮਕੋਟ, ਕੁਲਦੀਪ ਸਿੰਘ ਸੌੜੀਆਂ ਆਦਿ ਹਾਜ਼ਰ ਸਨ।
;
;
;
;
;
;
;
;