ਐੱਸ.ਜੀ.ਪੀ.ਸੀ. ਦੇ ਹੁਕਮਾਂ ਮਗਰੋਂ ਗੁਰਦੁਆਰਾ ਸੁਖਚੈਨ ਸਾਹਿਬ ਫਗਵਾੜਾ ਵਿਖੇ ਮੁੱਖ ਮੰਤਰੀ ਦੇ ਬਾਈਕਾਟ ਸਬੰਧੀ ਫਲੈਕਸ ਬੋਰਡ ਲਗਾਇਆ ਗਿਆ
ਫ਼ਗਵਾੜਾ, 24 ਜੂਨ (ਹਰਜੋਤ ਸਿੰਘ ਚਾਨਾ)- ਗੁਰਦੁਆਰਾ ਸੁਖਚੈਨ ਸਾਹਿਬ, ਫਗਵਾੜਾ ਦੇ ਮੁੱਖ ਦਰਵਾਜ਼ੇ ’ਤੇ ਮੰਗਲਵਾਰ ਨੂੰ “ਗੁਰੂ ਦੋਖੀ ਅਤੇ ਪੰਥ ਵਿਰੋਧੀ” ਲਿਖਿਆ ਫਲੈਕਸ ਬੋਰਡ ਲਗਾਇਆ ਗਿਆ, ਜਿਸ ਨੇ ਸ਼ਰਧਾਲੂਆਂ ਅਤੇ ਇਲਾਕਾ ਨਿਵਾਸੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਜਾਣਕਾਰੀ ਅਨੁਸਾਰ ਇਹ ਬੋਰਡ ਸਥਾਨਕ ਪ੍ਰਬੰਧਕ ਕਮੇਟੀ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ), ਅੰਮ੍ਰਿਤਸਰ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਲਗਾਇਆ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ. ਐੱਸ.ਜੀ.ਪੀ.ਸੀ. ਮੁੱਖ ਦਫ਼ਤਰ ਵਲੋਂ 23 ਜੂਨ 2026 ਨੂੰ ਜਾਰੀ ਇਕ ਅਧਿਕਾਰਤ ਪੱਤਰ ਰਾਹੀਂ ਪੰਜਾਬ ਭਰ ਦੇ ਐੱਸ.ਜੀ.ਪੀ.ਸੀ. ਅਧੀਨ ਚੱਲ ਰਹੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਗਈ ਸੀ ਕਿ ਉਹ 29 ਜੂਨ 2026 ਤੱਕ ਆਪਣੇ-ਆਪਣੇ ਗੁਰਦੁਆਰਿਆਂ ਦੇ ਮੁੱਖ ਪ੍ਰਵੇਸ਼ ਦੁਆਰਾਂ ’ਤੇ 5×5 ਫੁੱਟ ਦੇ “ਗੁਰੂ ਦੋਖੀ ਅਤੇ ਪੰਥ ਵਿਰੋਧੀ” ਲਿਖੇ ਫਲੈਕਸ ਬੋਰਡ ਲਗਾਉਣ। ਇਹ ਨਿਰਦੇਸ਼ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਜੁੜੇ ਚੱਲ ਰਹੇ ਵਿਵਾਦ ਦੇ ਸੰਦਰਭ ਵਿਚ ਜਾਰੀ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਹੈ ਅਤੇ ਇਸ ਵਿਚ ਉਨ੍ਹਾਂ ਦੇ ਬਾਈਕਾਟ ਦੀ ਅਪੀਲ ਕੀਤੀ ਗਈ ਹੈ।
ਨਿਰਦੇਸ਼ ਜਾਰੀ ਹੋਣ ਉਪਰੰਤ ਗੁਰਦੁਆਰਾ ਸੁਖਚੈਨ ਸਾਹਿਬ, ਫਗਵਾੜਾ ਦੀ ਪ੍ਰਬੰਧਕ ਕਮੇਟੀ ਵਲੋਂ 23 ਜੂਨ ਨੂੰ ਹੀ ਗੁਰਦੁਆਰੇ ਦੇ ਮੁੱਖ ਦਰਵਾਜ਼ੇ ’ਤੇ ਉਕਤ ਫਲੈਕਸ ਬੋਰਡ ਲਗਾ ਦਿੱਤਾ ਗਿਆ। ਸਾਹਮਣੇ ਆਏ ਐੱਸ.ਜੀ.ਪੀ.ਸੀ. ਦੇ ਪੱਤਰ ਦੀ ਕਾਪੀ ਅਤੇ ਬੋਰਡ ਦੀਆਂ ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ ਸਾਰੇ ਸੰਬੰਧਿਤ ਗੁਰਦੁਆਰਿਆਂ ਨੂੰ ਇਸ ਸਬੰਧੀ ਕਾਰਵਾਈ ਯਕੀਨੀ ਬਣਾਉਣ ਅਤੇ ਬੋਰਡ ਲਗਾਉਣ ਉਪਰੰਤ ਐੱਸ.ਜੀ.ਪੀ.ਸੀ. ਨੂੰ ਸੂਚਿਤ ਕਰਨ ਲਈ ਵੀ ਕਿਹਾ ਗਿਆ ਸੀ।
ਮੰਗਲਵਾਰ ਨੂੰ ਗੁਰਦੁਆਰੇ ਵਿਚ ਆਉਣ ਵਾਲੇ ਸ਼ਰਧਾਲੂਆਂ ਅਤੇ ਦਰਸ਼ਨਾਰਥੀਆਂ ਨੂੰ ਇਹ ਬੋਰਡ ਸਪੱਸ਼ਟ ਤੌਰ ’ਤੇ ਦਿਖਾਈ ਦਿੱਤਾ। ਇਸ ਘਟਨਾ ਨੇ ਧਾਰਮਿਕ ਅਤੇ ਰਾਜਨੀਤਿਕ ਹਲਕਿਆਂ ਵਿਚ ਚਰਚਾ ਛੇੜ ਦਿੱਤੀ ਹੈ ਅਤੇ ਵੱਖ-ਵੱਖ ਧਿਰਾਂ ਦੀਆਂ ਪ੍ਰਤੀਕਿਰਿਆਵਾਂ ’ਤੇ ਨਜ਼ਰ ਰੱਖੀ ਜਾ ਰਹੀ ਹੈ। ਇਹ ਕਦਮ ਉਨ੍ਹਾਂ ਮਸਲਿਆਂ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ, ਜਿਨ੍ਹਾਂ ਨੂੰ ਲੈ ਕੇ ਹਾਲ ਹੀ ਵਿਚ ਸਿੱਖ ਧਾਰਮਿਕ ਸੰਸਥਾਵਾਂ ਅਤੇ ਭਾਈਚਾਰਕ ਜਥੇਬੰਦੀਆਂ ਵਲੋਂ ਤਿੱਖੀਆਂ ਪ੍ਰਤੀਕਿਰਿਆਵਾਂ ਸਾਹਮਣੇ ਆਈਆਂ ਹਨ। ਖ਼ਬਰ ਲਿਖੇ ਜਾਣ ਤੱਕ ਗੁਰਦੁਆਰਾ ਸੁਖਚੈਨ ਸਾਹਿਬ ਵਿਖੇ ਫ਼ਲੈਕਸ ਬੋਰਡ ਲਗਾਏ ਜਾਣ ਜਾਂ ਐੱਸ.ਜੀ.ਪੀ.ਸੀ. ਦੇ ਨਿਰਦੇਸ਼ਾਂ ਸਬੰਧੀ ਪੰਜਾਬ ਸਰਕਾਰ ਵਲੋਂ ਕੋਈ ਅਧਿਕਾਰਤ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਸੀ।
;
;
;
;
;
;
;
;