ਡੀ.ਆਰ. ਕਾਂਗੋ ਨੇ ਰਚਿਆ ਇਤਿਹਾਸ ਉਜ਼ਬੇਕਿਸਤਾਨ ਨੂੰ ਹਰਾ ਕੇ ਪਹਿਲੀ ਵਾਰ ਨਾਕਆਊਟ ’ਚ ਪੁੱਜਾ
ਨਿਊਯਾਰਕ, 28 ਜੂੁਨ (ਰਾਜੂ ਸਹਿਬਾਜ਼ਪੁਰਾ)-ਫੀਫਾ ਵਿਸ਼ਵ ਕੱਪ 2026 ’ਚ ਡੀ.ਆਰ. ਕਾਂਗੋ ਨੇ ਸ਼ਾਨਦਾਰ ਵਾਪਸੀ ਕਰਦਿਆਂ ਉਜ਼ਬੇਕਿਸਤਾਨ ਨੂੰ 3-1 ਨਾਲ ਹਰਾ ਕੇ ਪਹਿਲੀ ਵਾਰ ਵਿਸ਼ਵ ਕੱਪ ਦੇ ਨਾਕਆਊਟ ਗੇੜ ’ਚ ਥਾਂ ਬਣਾ ਲਈ ਹੈ। ਮੈਚ ਦੇ ਆਖ਼ਰੀ 22 ਮਿੰਟਾਂ ਤੇ ਇੰਜਰੀ ਟਾਈਮ ’ਚ ਗੋਲ ਕਰਕੇ ਡੀਆਰ ਕਾਂਗੋ ਨੇ ਇਤਿਹਾਸਕ ਜਿੱਤ ਦਰਜ ਕੀਤੀ। ਮੈਚ ਦੀ ਸ਼ੁਰੂਆਤ ਉਜ਼ਬੇਕਿਸਤਾਨ ਨੇ ਹਮਲਾਵਰ ਅੰਦਾਜ਼ ’ਚ ਕੀਤੀ। 10ਵੇਂ ਮਿੰਟ ’ਚ ਟੀਮ ਦੇ ਕਪਤਾਨ ਐਲਡੋਰ ਸ਼ੋਮੁਰੋਦੋਵ ਨੇ ਸੁੰਦਰ ਗੋਲ ਕਰਕੇ ਉਜ਼ਬੇਕਿਸਤਾਨ ਨੂੰ 1-0 ਦੀ ਬੜ੍ਹਤ ਦਿਵਾਈ। ਪਹਿਲੇ ਹਾਫ਼ ’ਚ ਡੀਆਰ ਕਾਂਗੋ ਨੇ ਵੀ ਗੋਲ ਕੀਤਾ, ਪਰ ਵੀ.ਏ.ਆਰ. ਨੇ ਫਾਊਲ ਕਾਰਨ ਉਹ ਗੋਲ ਰੱਦ ਕਰ ਦਿੱਤਾ। ਇਸ ਤਰ੍ਹਾਂ ਪਹਿਲੇ ਅੱਧ ਤੱਕ ਉਜ਼ਬੇਕਿਸਤਾਨ 1-0 ਨਾਲ ਅੱਗੇ ਸੀ। ਦੂਜੇ ਅੱਧ ਵਿਚ ਡੀ.ਆਰ. ਕਾਂਗੋ ਨੇ ਹਮਲੇ ਤੇਜ਼ ਕਰ ਦਿੱਤੇ। 68ਵੇਂ ਮਿੰਟ ’ਚ ਯੋਆਨੇ ਵਿਸਾ ਨੂੰ ਪੈਨਲਟੀ ਮਿਲੀ ਤੇ ਉਸ ਨੇ ਇਸ ਨੂੰ ਗੋਲ ਵਿਚ ਬਦਲ ਕੇ ਸਕੋਰ 1-1 ਕਰ ਦਿੱਤਾ। ਇਸ ਤੋਂ ਬਾਅਦ 78ਵੇਂ ਮਿੰਟ ’ਚ ਮਾਏਲੇ ਨੇ ਗੋਲ ਕਰਕੇ ਡੀ.ਆਰ. ਕਾਂਗੋ ਨੂੰ 2-1 ਨਾਲ ਅੱਗੇ ਕਰ ਦਿੱਤਾ। ਇੰਜਰੀ ਟਾਈਮ ਦੇ 91ਵੇਂ ਮਿੰਟ ’ਚ ਯੋਆਨੇ ਵਿਸਾ ਨੇ ਆਪਣਾ ਦੂਜਾ ਗੋਲ ਕਰਕੇ ਸਕੋਰ 3-1 ਕਰ ਦਿੱਤਾ ਤੇ ਟੀਮ ਦੀ ਜਿੱਤ ਪੱਕੀ ਕਰ ਦਿੱਤੀ। ਹੁਣ ਡੀਆਰ ਕਾਂਗੋ 1 ਜੁਲਾਈ ਨੂੰ ਅਟਲਾਂਟਾ ਸਟੇਡੀਅਮ ਵਿਚ ਰਾਊਂਡ ਆਫ਼ 32 ਦੇ ਮੁਕਾਬਲੇ ’ਚ ਇੰਗਲੈਂਡ ਦਾ ਸਾਹਮਣਾ ਕਰੇਗਾ।
;
;
;
;
;
;
;
;
;