ਗੁਰੂਹਰਸਹਾਏ ਦੇ ਪ੍ਰਦੀਪ ਕੁਮਾਰ ਪੋਲੈਂਡ ਓਪਨ ਇੰਟਰਨੈਸ਼ਨਲ ਸਾਫਟ ਟੈਨਿਸ ਚੈਂਪੀਅਨਸ਼ਿਪ ਵਿਚ ਕਰਨਗੇ ਭਾਰਤ ਦੀ ਨੁਮਾਇੰਦਗੀ
ਗੁਰੂ ਹਰਸਹਾਏ, 2 ਜੁਲਾਈ (ਕਪਿਲ ਕੰਧਾਰੀ)- ਫਿਰੋਜ਼ਪੁਰ ਜ਼ਿਲ੍ਹੇ ਦੇ ਕਸਬਾ ਗੁਰੂਹਰਸਹਾਏ ਲਈ ਇਹ ਬੇਹੱਦ ਮਾਣ ਵਾਲੀ ਗੱਲ ਹੈ ਕਿ ਸ਼ਹਿਰ ਦੇ ਹੋਣਹਾਰ ਸਾਫਟ ਟੈਨਿਸ ਖਿਡਾਰੀ ਪ੍ਰਦੀਪ ਕੁਮਾਰ ਪੁੱਤਰ ਬਿੱਲੂ ਰਾਮ (ਕੁਮਾਰ ਟੇਲਰ ਵਾਲੇ) ਦੀ ਚੋਣ ਭਾਰਤੀ ਸਾਫਟ ਟੈਨਿਸ ਟੀਮ ਵਿਚ ਹੋਈ ਹੈ। ਉਹ 3 ਤੋਂ 6 ਜੁਲਾਈ 2026 ਤੱਕ ਪੋਲੈਂਡ ਵਿਚ ਹੋਣ ਵਾਲੀ 19ਵੀਂ ਪੋਲੈਂਡ ਓਪਨ ਇੰਟਰਨੈਸ਼ਨਲ ਸਾਫਟ ਟੈਨਿਸ ਚੈਂਪੀਅਨਸ਼ਿਪ ਵਿਚ ਭਾਰਤ ਦੀ ਨੁਮਾਇੰਦਗੀ ਕਰਨਗੇ। ਇਸ ਵੱਕਾਰੀ ਅੰਤਰਰਾਸ਼ਟਰੀ ਚੈਂਪੀਅਨਸ਼ਿਪ ਵਿਚ ਭਾਰਤ ਵਲੋਂ ਕੁੱਲ 10 ਖਿਡਾਰੀ ਭਾਗ ਲੈ ਰਹੇ ਹਨ। ਪੰਜਾਬ ਤੋਂ ਅਮਰਜੀਤ ਕੌਰ ਨੂੰ ਭਾਰਤੀ ਟੀਮ ਦਾ ਕੋਚ ਨਿਯੁਕਤ ਕੀਤਾ ਗਿਆ ਹੈ, ਜਦਕਿ ਫਿਰੋਜ਼ਪੁਰ ਦੇ ਕਸਬਾ ਗੁਰੂ ਹਰਸਹਾਏ ਤੋਂ ਪ੍ਰਦੀਪ ਕੁਮਾਰ ਖਿਡਾਰੀ ਵਜੋਂ ਭਾਰਤ ਦੀ ਨੁਮਾਇੰਦਗੀ ਕਰਨਗੇ।
ਸਾਫਟ ਟੈਨਿਸ ਐਸੋਸੀਏਸ਼ਨ ਪੰਜਾਬ ਦੇ ਸਕੱਤਰ ਨਰਿੰਦਰਪਾਲ ਸਿੰਘ ਨੇ ਪ੍ਰਦੀਪ ਕੁਮਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਫਿਰੋਜ਼ਪੁਰ ਦੇ ਕਸਬਾ ਗੁਰੂ ਹਰਸਹਾਏ ਦੇ ਇਸ ਹੋਣਹਾਰ ਖਿਡਾਰੀ ਦੀ ਭਾਰਤੀ ਟੀਮ ਵਿਚ ਚੋਣ ਜ਼ਿਲ੍ਹੇ ਅਤੇ ਸਮੁੱਚੇ ਪੰਜਾਬ ਲਈ ਮਾਣ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਪ੍ਰਦੀਪ ਦੀ ਇਹ ਉਪਲਬਧੀ ਜ਼ਿਲ੍ਹੇ ਦੇ ਨੌਜਵਾਨਾਂ ਲਈ ਪ੍ਰੇਰਣਾ ਸਰੋਤ ਬਣੇਗੀ ਅਤੇ ਉਨ੍ਹਾਂ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਖੇਡਾਂ ਵਿਚ ਅੱਗੇ ਵਧਣ ਲਈ ਉਤਸ਼ਾਹਿਤ ਕਰੇਗੀ ਸਾਫਟ ਟੈਨਿਸ ਐਸੋਸੀਏਸ਼ਨ ਪੰਜਾਬ ਵਲੋਂ ਪ੍ਰਦੀਪ ਕੁਮਾਰ ਅਤੇ ਸਮੂਹ ਭਾਰਤੀ ਟੀਮ ਨੂੰ ਪੋਲੈਂਡ ਓਪਨ ਇੰਟਰਨੈਸ਼ਨਲ ਸਾਫਟ ਟੈਨਿਸ ਚੈਂਪੀਅਨਸ਼ਿਪ ਲਈ ਦਿਲੋਂ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ਹਨ। ਸ਼ਹਿਰ ਅਤੇ ਇਲਾਕੇ ਦੇ ਖੇਡ ਪ੍ਰੇਮੀਆਂ ਵਿਚ ਪ੍ਰਦੀਪ ਦੀ ਇਸ ਉਪਲਬਧੀ ਨੂੰ ਲੈ ਕੇ ਖੁਸ਼ੀ ਦੀ ਲਹਿਰ ਹੈ।
;
;
;
;
;
;
;
;
;