JALANDHAR WEATHER

ਕੈਨੇਡਾ 'ਚ 400 ਕਿਲੋ ਸੋਨਾ ਲੁੱਟ ਮਾਮਲਾ : ਈਡੀ ਨੇ 1600 ਪੰਨਿਆਂ ਦੀ ਚਾਰਜਸ਼ੀਟ ਅਦਾਲਤ 'ਚ ਕੀਤੀ ਦਾਖ਼ਲ

ਚੰਡੀਗੜ੍ਹ, 4 ਜੁਲਾਈ (ਕਪਿਲ ਵਧਵਾ) – ਸਾਲ 2023 ਵਿਚ ਕੈਨੇਡਾ ਦੇ ਹਵਾਈ ਅੱਡੇ 'ਤੇ ਹੋਈ ਕਰੀਬ 400 ਕਿਲੋ ਸੋਨੇ ਦੀ ਚਰਚਿਤ ਲੁੱਟ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਵਿਸ਼ੇਸ਼ ਅਦਾਲਤ ਵਿਚ ਆਪਣੀ ਪਹਿਲੀ ਅਤੇ ਸਪਲੀਮੈਂਟਰੀ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ। ਕਰੀਬ 1500 ਤੋਂ 1600 ਪੰਨਿਆਂ ਦੀ ਇਸ ਚਾਰਜਸ਼ੀਟ ਵਿਚ ਸੋਨੇ ਦੀ ਲੁੱਟ ਤੋਂ ਲੈ ਕੇ ਕਥਿਤ ਤੌਰ 'ਤੇ ਮਨੀ ਲਾਂਡਰਿੰਗ ਦੇ ਪੂਰੇ ਨੈੱਟਵਰਕ ਅਤੇ ਧਨ ਦੇ ਲੈਣ-ਦੇਣ ਦਾ ਵਿਸਥਾਰ ਨਾਲ ਜ਼ਿਕਰ ਕੀਤਾ ਗਿਆ ਹੈ।
ਈਡੀ ਦੇ ਅਸਿਸਟੈਂਟ ਡਾਇਰੈਕਟਰ ਕਨੂਜ ਸ਼ੇਰਾ ਵਲੋਂ ਦਾਇਰ ਚਾਰਜਸ਼ੀਟ ਵਿਚ ਸ਼ੁਰੂਆਤੀ ਤੌਰ 'ਤੇ ਦੋ ਵਿਅਕਤੀਆਂ ਸੰਦੀਪ ਕੁਮਾਰ ਅਤੇ ਅਖਿਲ ਰਾਵਤ ਨੂੰ ਨਾਮਜ਼ਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਦੋ ਫਰਮਾਂ ਐੱਮ/ਐੱਸ ਵਿਕਟਰੀ ਟਰੇਡਰਜ਼ ਅਤੇ ਐੱਮ/ਐੱਸ ਬਲੈਕ ਚਿੱਲੀ ਰੀਅਲ ਐਸਟੇਟ ਨੂੰ ਵੀ ਮੁਲਜ਼ਮ ਬਣਾਇਆ ਗਿਆ ਹੈ। ਵਿਸ਼ੇਸ਼ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 21 ਜੁਲਾਈ ਲਈ ਨਿਰਧਾਰਤ ਕੀਤੀ ਹੈ। ਇਸ ਤੋਂ ਪਹਿਲਾਂ ਅਦਾਲਤ ਦਾ ਅਹਿਲਮਦ ਚਾਰਜਸ਼ੀਟ ਦਾ ਅਧਿਐਨ ਕਰਕੇ ਇਸ ਦੀ ਰਸਮੀ ਪੁਸ਼ਟੀ ਕਰੇਗਾ। ਜ਼ਿਕਰਯੋਗ ਹੈ ਕਿ ਇਸ ਮਾਮਲੇ ਦੀ ਜਾਂਚ ਦੌਰਾਨ ਈਡੀ ਵਲੋਂ ਚੰਡੀਗੜ੍ਹ ਅਤੇ ਪੰਜਾਬ ਸਮੇਤ ਵੱਖ-ਵੱਖ ਥਾਵਾਂ 'ਤੇ ਕਈ ਛਾਪੇਮਾਰ ਕਾਰਵਾਈਆਂ ਕੀਤੀਆਂ ਗਈਆਂ ਸਨ।
ਇਸੇ ਲੜੀ ਤਹਿਤ ਕੈਨੇਡਾ ਤੋਂ ਭਾਰਤ ਆਏ ਏਅਰਪੋਰਟ ਮੈਨੇਜਰ ਸਿਮਰਨਪ੍ਰੀਤ ਪਨੇਸਰ ਦੇ ਠਿਕਾਣਿਆਂ 'ਤੇ ਵੀ ਤਲਾਸ਼ੀ ਲਈ ਗਈ ਸੀ। ਸੂਤਰਾਂ ਅਨੁਸਾਰ ਜਾਂਚ ਏਜੰਸੀ ਦਾ ਦਾਅਵਾ ਹੈ ਕਿ ਚਾਰਜਸ਼ੀਟ ਵਿਚ ਲੁੱਟੇ ਗਏ ਸੋਨੇ ਨੂੰ ਠਿਕਾਣੇ ਲਗਾਉਣ ਅਤੇ ਉਸ ਨਾਲ ਜੁੜੇ ਕਥਿਤ ਮਨੀ ਲਾਂਡਰਿੰਗ ਦੇ ਪੂਰੇ ਢਾਂਚੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਅਦਾਲਤ ਅੱਗੇ ਪੇਸ਼ ਕੀਤੀ ਗਈ ਹੈ। ਜਿਵੇਂ ਜਿਵੇਂ ਇਸ ਮਾਮਲੇ ਦੀ ਜਾਂਚ ਅੱਗੇ ਵਧੇਗੀ ਉਸੇ ਤਰ੍ਹਾਂ ਹੀ ਹੋਰ ਨਾਮ ਸਾਹਮਣੇ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ