26 ਸਾਲਾ ਨੌਜਵਾਨ ਦੀ ਕੈਨੇਡਾ ਵਿਚ ਨਹਿਰ 'ਚ ਡੁੱਬਣ ਕਾਰਨ ਮੌਤ
ਤਪਾ ਮੰਡੀ , (ਬਰਨਾਲਾ), 7 ਜੁਲਾਈ (ਪ੍ਰਵੀਨ ਗਰਗ)- ਤਪਾ ਇਲਾਕੇ ਦੇ ਇਕ ਨੌਜਵਾਨ ਦੀ ਕੈਨੇਡਾ ਵਿਖੇ ਨਹਿਰ ਵਿਚ ਡੁੱਬਣ ਕਾਰਨ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਤਪਾ ਮੰਡੀ ਦਾ ਨੌਜਵਾਨ ਲਵਪ੍ਰੀਤ ਸਿੰਘ ਨਹਿਰ ਵਿਚ ਡੁੱਬਦੇ ਆਪਣੇ ਦੋਸਤ ਨੂੰ ਬਚਾਉਂਦੇ ਸਮੇਂ ਆਪਣੀ ਵੀ ਜਾਨ ਗੁਆ ਬੈਠਾ। ਘਟਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨੌਜਵਾਨ ਲਵਪ੍ਰੀਤ ਸਿੰਘ ਦੇ ਪਿਤਾ ਸਾਬਕਾ ਫੌਜੀ ਬਲਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ 26 ਸਾਲਾਂ ਪੁੱਤ ਲਵਪ੍ਰੀਤ ਸਿੰਘ, ਦੋ ਢਾਈ ਸਾਲ ਪਹਿਲਾਂ ਹੀ ਵਰਕ ਪਰਮਿਟ ’ਤੇ ਕੈਨੇਡਾ ਦੇ ਸ਼ਹਿਰ ਮਾਂਟਰੀਅਲ ਵਿਚ ਇਕ ਕੰਪਨੀ ਦਾ ਟਰਾਲਾ ਡਰਾਈਵਰ ਵਜੋਂ ਕੰਮ ਕਰ ਰਿਹਾ ਸੀ, ਜੋ ਬਾਰਵੀਂ ਕਲਾਸ ਤੋਂ ਬਾਅਦ ਕੈਨੇਡਾ ਗਿਆ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਉਸ ਨੂੰ ਆਪਣੀ ਸਾਰੀ ਢਾਈ ਏਕੜ ਜਮੀਨ ਵੇਚਕੇ 29 ਲੱਖ ਰੁਪਏ ਲਗਾ ਕੇ ਰੁਜ਼ਗਾਰ ਦੀ ਭਾਲ ਲਈ ਕੈਨੇਡਾ ਭੇਜਿਆ ਸੀ।
ਮ੍ਰਿਤਕ ਲਵਪ੍ਰੀਤ ਸਿੰਘ ਨੇ 10 ਦਿਨ ਪਹਿਲਾਂ ਹੀ ਆਪਣੇ ਪਰਿਵਾਰ ਨਾਲ ਗੱਲ ਕੀਤੀ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕੈਨੇਡਾ ਦੇ ਸ਼ਹਿਰ ਮਾਂਟਰੀਅਲ ਦੀ ਲਾਚੀਨ ਨਹਿਰ ਵਿਚ ਲਵਪ੍ਰੀਤ ਦੇ ਦੋਸਤ ਦਾ ਅਚਾਨਕ ਨਹਿਰ ਵਿਚ ਪੈਰ ਫਿਸਲ ਗਿਆ। ਜਦ ਇਸ ਘਟਨਾ ਦਾ ਲਵਪ੍ਰੀਤ ਸਿੰਘ ਨੂੰ ਪਤਾ ਲੱਗਿਆ ਤਾਂ ਉਸ ਨੇ ਆਪਣੇ ਦੋਸਤ ਨੂੰ ਬਚਾਉਣ ਲਈ ਨਹਿਰ ਵਿਚ ਛਾਲ ਮਾਰ ਦਿੱਤੀ। ਪਰ ਲਵਪ੍ਰੀਤ ਸਿੰਘ ਆਪਣੇ ਦੋਸਤ ਨੂੰ ਬਚਾਉਂਦਾ ਬਚਾਉਂਦਾ ਨਹਿਰ ਵਿਚ ਖੁਦ ਆਪ ਡੁੱਬ ਗਿਆ। ਕੈਨੇਡਾ ਪ੍ਰਸ਼ਾਸਨ ਵਲੋਂ ਉਨ੍ਹਾਂ ਨੂੰ ਕਈ ਘੰਟੇ ਦੀ ਮੁਸ਼ੱਕਤ ਨਾਲ ਦੋਵਾਂ ਨੂੰ ਨਹਿਰ ਵਿਚੋਂ ਬਾਹਰ ਕੱਢਿਆ ਗਿਆ ਅਤੇ ਹਸਪਤਾਲ ਪਹੁੰਚਾਇਆ ਗਿਆ ਪਰ ਦੋਹਾਂ ਦੀ ਮੌਤ ਹੋ ਚੁੱਕੀ ਸੀ। ਪਰਿਵਾਰਕ ਮੈਂਬਰਾਂ ਨੇ ਸੂਬਾ ਅਤੇ ਕੇਂਦਰ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਮ੍ਰਿਤਕ ਪੁੱਤਰ ਲਵਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਕੈਨੇਡਾ ਤੋਂ ਪੰਜਾਬ ਤਪਾ ਮੰਡੀ ਲਿਆਉਣ ਲਈ ਸਹਿਯੋਗ ਕੀਤਾ ਜਾਵੇ,ਤਾਂ ਜੋ ਧਾਰਮਿਕ ਰੀਤੀ ਰਿਵਾਜਾਂ ਅਨੁਸਾਰ ਉਹ ਆਪਣੇ ਇਕਲੌਤੇ ਪੁੱਤ ਲਵਪ੍ਰੀਤ ਸਿੰਘ ਦਾ ਅੰਤਿਮ ਸੰਸਕਾਰ ਕਰ ਸਕਣ।
;
;
;
;
;
;
;
;
;