ਬੈਲਿੰਗਹਮ ਦਾ ਡਬਲ ਧਮਾਕਾ, ਵਿਵਾਦਾਂ ਤੇ ਵਾਧੂ ਸਮੇਂ ਦੇ ਰੋਮਾਂਚ ਵਿਚਾਲੇ ਇੰਗਲੈਂਡ ਆਖ਼ਰੀ ਚਾਰ ’ਚ
ਨਿਊਯਾਰਕ, 12 ਜੁਲਾਈ (ਰਾਜੂ ਸਹਿਬਾਜ਼ਪੁਰਾ)-ਮਿਆਮੀ ਦੀ ਤਪਦੀ ਗਰਮੀ, ਨਾਰਵੇ ਦੀ ਜ਼ਬਰਦਸਤ ਟੱਕਰ, ਵੀ.ਏ.ਆਰ. ਦੇ ਫੈਸਲੇ ਤੇ ਸਕਾਈਕੈਮ ਤਾਰ ਨਾਲ ਜੁੜੇ ਵਿਵਾਦ ਦੇ ਬਾਵਜੂਦ ਇੰਗਲੈਂਡ ਨੇ ਫੀਫਾ ਵਿਸ਼ਵ ਕੱਪ 2026 ਦੇ ਕੁਆਰਟਰ ਫਾਈਨਲ ’ਚ 2-1 ਨਾਲ ਜਿੱਤ ਦਰਜ ਕਰਕੇ ਸੈਮੀਫਾਈਨਲ ’ਚ ਜਗ੍ਹਾ ਬਣਾ ਲਈ ਹੈ। ਇਸ ਯਾਦਗਾਰ ਮੁਕਾਬਲੇ ਦਾ ਸਭ ਤੋਂ ਵੱਡਾ ਚਿਹਰਾ ਜੂਡ ਬੈਲਿੰਗਹਮ ਰਿਹਾ, ਜਿਸ ਨੇ ਦੋਵੇਂ ਗੋਲ ਕਰਕੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਦਬਾਅ ਦੇ ਪਲਾਂ ਵਿਚ ਉਹ ਇੰਗਲੈਂਡ ਦਾ ਸਭ ਤੋਂ ਭਰੋਸੇਮੰਦ ਖਿਡਾਰੀ ਬਣ ਚੁੱਕਾ ਹੈ। ਨਾਰਵੇ ਨੇ ਮੈਚ ਦੀ ਸ਼ੁਰੂਆਤ ਬੇਹੱਦ ਆਤਮਵਿਸ਼ਵਾਸ ਨਾਲ ਕੀਤੀ। 36ਵੇਂ ਮਿੰਟ ’ਚ ਆਂਡ੍ਰਿਆਸ ਸ਼ੈਲਡਰਪ ਨੇ ਖੱਬੇ ਪੈਰ ਨਾਲ ਸ਼ਾਨਦਾਰ ਸ਼ਾਟ ਮਾਰ ਕੇ ਗੇਂਦ ਨੂੰ ਜਾਲ ’ਚ ਪਹੁੰਚਾ ਦਿੱਤਾ। ਇੰਗਲੈਂਡ ਦੇ ਗੋਲਕੀਪਰ ਜਾਰਡਨ ਪਿਕਫੋਰਡ ਕੋਲ ਇਸ ਹਮਲੇ ਦਾ ਕੋਈ ਜਵਾਬ ਨਹੀਂ ਸੀ ਅਤੇ ਨਾਰਵੇ ਨੇ 1-0 ਦੀ ਬੜ੍ਹਤ ਹਾਸਲ ਕਰ ਲਈ। ਇੰਗਲੈਂਡ ਲਈ ਹਾਲਾਤ ਹੋਰ ਵੀ ਮੁਸ਼ਕਲ ਇਸ ਲਈ ਸਨ ਕਿਉਂਕਿ ਮਿਆਮੀ ਵਿੱਚ ਤਾਪਮਾਨ ਲਗਭਗ 90 ਡਿਗਰੀ ਫੈਰਨਹਾਈਟ ਸੀ, ਜਦਕਿ ਮਹਿਸੂਸ ਹੋਣ ਵਾਲੀ ਗਰਮੀ 108 ਡਿਗਰੀ ਤੱਕ ਪਹੁੰਚ ਰਹੀ ਸੀ। ਖਿਡਾਰੀਆਂ ਦੀ ਰਫ਼ਤਾਰ ਤੇ ਪਾਸਿੰਗ ’ਤੇ ਗਰਮੀ ਦਾ ਅਸਰ ਸਾਫ਼ ਦਿਖਾਈ ਦਿੱਤਾ, ਪਰ ਪਹਿਲੇ ਹਾਫ਼ ਦੇ ਇੰਜਰੀ ਟਾਈਮ ’ਚ ਬੈਲਿੰਗਹਮ ਨੇ ਆਪਣੀ ਕਲਾਸ ਦਿਖਾਈ। ਉਸ ਨੇ ਤੇਜ਼ ਦੌੜ, ਕਾਬੂ ਤੇ ਸੁਚੱਜੀ ਫਿਨਿਸ਼ ਨਾਲ ਸਕੋਰ 1-1 ਕਰ ਦਿੱਤਾ। ਹਾਲਾਂਕਿ ਇੰਗਲੈਂਡ ਦੇ ਇਸ ਗੋਲ ਨੇ ਵੱਡਾ ਵਿਵਾਦ ਵੀ ਖੜ੍ਹਾ ਕਰ ਦਿੱਤਾ। ਨਾਰਵੇ ਦੇ ਖਿਡਾਰੀਆਂ ਤੇ ਕੋਚ ਦਾ ਦਾਅਵਾ ਸੀ ਕਿ ਗੋਲ ਤੋਂ ਪਹਿਲਾਂ ਗੇਂਦ ਮੈਦਾਨ ਉੱਪਰ ਟੰਗੀ ਸਕਾਈਕੈਮ ਦੀ ਤਾਰ ਨਾਲ ਟਕਰਾਈ ਸੀ, ਜਿਸ ਕਾਰਨ ਉਸਦੀ ਦਿਸ਼ਾ ਬਦਲੀ। ਵੀਡੀਓ ਵਿਚ ਗੇਂਦ ਦੀ ਚਾਲ ਬਦਲਦੀ ਹੋਈ ਲੱਗੀ, ਪਰ ਫੀਫਾ ਨੇ ਗੇਂਦ ਵਿਚ ਲੱਗੇ ਸੈਂਸਰ ਦੇ ਡਾਟੇ ਦੇ ਆਧਾਰ ’ਤੇ ਕਿਹਾ ਕਿ ਕਿਸੇ ਤਾਰ ਨਾਲ ਸੰਪਰਕ ਦਰਜ ਨਹੀਂ ਹੋਇਆ। ਇਸ ਕਰਕੇ ਗੋਲ ਬਰਕਰਾਰ ਰਿਹਾ। ਦੂਜੇ ਹਾਫ਼ ’ਚ ਨਾਰਵੇ ਨੇ ਦੁਬਾਰਾ ਗੇਂਦ ਜਾਲ ’ਚ ਪਹੁੰਚਾ ਦਿੱਤੀ, ਪਰ ਵੀ.ਏ.ਆਰ. ਜਾਂਚ ਤੋਂ ਬਾਅਦ ਗੋਲ ਰੱਦ ਕਰ ਦਿੱਤਾ ਗਿਆ। ਅਧਿਕਾਰੀਆਂ ਨੇ ਮੰਨਿਆ ਕਿ ਗੋਲ ਤੋਂ ਪਹਿਲਾਂ ਅਰਲਿੰਗ ਹਾਲੈਂਡ ਨੇ ਇੰਗਲੈਂਡ ਦੇ ਖਿਡਾਰੀ ਐਲਿਓਟ ਐਂਡਰਸਨ ਨੂੰ ਧੱਕਾ ਦਿੱਤਾ ਸੀ। ਇਹ ਫੈਸਲਾ ਮੈਚ ਦਾ ਵੱਡਾ ਮੋੜ ਬਣਿਆ, ਕਿਉਂਕਿ ਨਾਰਵੇ 2-1 ਦੀ ਬੜ੍ਹਤ ਤੋਂ ਵਾਂਝਾ ਰਹਿ ਗਿਆ। ਨਿਰਧਾਰਿਤ 90 ਮਿੰਟਾਂ ਤੱਕ ਦੋਵੇਂ ਟੀਮਾਂ ਵਿਚਕਾਰ ਬਰਾਬਰੀ ਕਾਇਮ ਰਹੀ ਤੇ ਮੈਚ ਵਾਧੂ ਸਮੇਂ ਵਿੱਚ ਚਲਾ ਗਿਆ। ਪਰ ਇੰਗਲੈਂਡ ਨੂੰ ਜਿੱਤ ਲਈ ਵੱਧ ਉਡੀਕ ਨਹੀਂ ਕਰਨੀ ਪਈ। 93ਵੇਂ ਮਿੰਟ ’ਚ ਮੋਰਗਨ ਰੋਜਰਜ਼ ਦੇ ਤੇਜ਼ ਸ਼ਾਟ ਨੂੰ ਨਾਰਵੇ ਦੇ ਗੋਲਕੀਪਰ ਓਰਜਨ ਨਾਈਲੈਂਡ ਪੂਰੀ ਤਰ੍ਹਾਂ ਕਾਬੂ ਨਾ ਕਰ ਸਕੇ। ਰੀਬਾਊਂਡ ’ਤੇ ਸਭ ਤੋਂ ਪਹਿਲਾਂ ਪਹੁੰਚੇ ਬੈਲਿੰਗਹਮ ਨੇ ਗੇਂਦ ਨੂੰ ਜਾਲ ’ਚ ਸੁੱਟ ਕੇ ਇੰਗਲੈਂਡ ਨੂੰ 2-1 ਦੀ ਬੜ੍ਹਤ ਦਿਵਾ ਦਿੱਤੀ। ਇਸ ਤੋਂ ਬਾਅਦ ਨਾਰਵੇ ਨੇ ਵਾਪਸੀ ਦੀ ਕੋਸ਼ਿਸ਼ ਕੀਤੀ, ਪਰ ਇੰਗਲੈਂਡ ਦੀ ਰੱਖਿਆ ਨੇ ਅਰਲਿੰਗ ਹਾਲੈਂਡ ਨੂੰ ਖੁੱਲ੍ਹ ਕੇ ਖੇਡਣ ਦਾ ਮੌਕਾ ਨਹੀਂ ਦਿੱਤਾ। ਹਾਲੈਂਡ ਮੈਚ ’ਚ ਦੋ ਹੀ ਖਾਸ ਸ਼ਾਟ ਲੈ ਸਕੇ ਤੇ ਵਾਧੂ ਸਮੇਂ ਦੇ ਵਿਚਕਾਰ ਉਨ੍ਹਾਂ ਨੂੰ ਬਦਲ ਦਿੱਤਾ ਗਿਆ।
;
;
;
;
;
;
;
;
;