ਡੇਰਾਬੱਸੀ 'ਚ ਸਰਕਾਰੀ ਗਲੀ ਤੋੜਨ ਦਾ ਮਾਮਲਾ: ਵਾਰਡ ਨੰਬਰ 9 ਦੇ ਨਿਵਾਸੀਆਂ 'ਚ ਪ੍ਰਸ਼ਾਸਨ ਖ਼ਿਲਾਫ਼ ਭਾਰੀ ਰੋਸ
ਡੇਰਾਬੱਸੀ, 18 ਜੁਲਾਈ (ਰਣਬੀਰ ਸਿੰਘ ਪੜ੍ਹੀ)- ਡੇਰਾਬੱਸੀ ਦੇ ਵਾਰਡ ਨੰਬਰ 9 (ਸੈਕਟਰ-9, ਗਲੀ ਨੰਬਰ 6, ਪ੍ਰੀਤ ਨਗਰ) ਤੋਂ ਇਕ ਬੇਹੱਦ ਪਰੇਸ਼ਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਨਿੱਜੀ ਵਿਅਕਤੀ ਵਲੋਂ ਸਰਕਾਰੀ ਗਲੀ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਕਾਰਨ ਇਲਾਕਾ ਨਿਵਾਸੀਆਂ ਵਿਚ ਨਗਰ ਕੌਂਸਲ ਅਤੇ ਪ੍ਰਸ਼ਾਸਨ ਦੇ ਖ਼ਿਲਾਫ਼ ਭਾਰੀ ਗੁੱਸਾ ਅਤੇ ਰੋਸ ਪਾਇਆ ਜਾ ਰਿਹਾ ਹੈ। ਗਲੀ ਨੰਬਰ ਛੇ ਦੇ ਵਸਨੀਕਾਂ ਅਨੁਸਾਰ, ਸਾਲ 2013 ਵਿਚ ਨਗਰ ਕੌਂਸਲ ਡੇਰਾਬੱਸੀ ਵਲੋਂ ਸ਼ਾਮਲਾਤ ਜਗ੍ਹਾ 'ਤੇ ਇਕ ਸਰਕਾਰੀ ਗਲੀ ਦਾ ਨਿਰਮਾਣ ਕਰਵਾਇਆ ਗਿਆ ਸੀ। ਇਹ ਗਲੀ ਪ੍ਰੀਤ ਨਗਰ (ਗਲੀ ਨੰਬਰ 6) ਅਤੇ ਭਗਤ ਸਿੰਘ ਨਗਰ (ਗਲੀ ਨੰਬਰ 1) ਨੂੰ ਆਪਸ ਵਿੱਚ ਜੋੜਨ ਦਾ ਇਕ ਮੁੱਖ ਰਸਤਾ ਹੈ, ਜਿਸ ਨਾਲ ਸੈਂਕੜੇ ਲੋਕਾਂ ਨੂੰ ਆਉਣ-ਜਾਣ ਵਿੱਚ ਵੱਡੀ ਸਹੂਲਤ ਮਿਲਦੀ ਸੀ।
ਪਰ ਬੀਤੀ 27 ਫਰਵਰੀ ਨੂੰ ਭਗਵੰਤ ਸਿੰਘ ਨਾਮ ਦੇ ਇਕ ਵਿਅਕਤੀ ਨੇ ਕਿਰਾਏ ਦੀ ਜੇ.ਸੀ.ਬੀ. ਮਸ਼ੀਨ ਲਿਆ ਕੇ ਇਸ ਕਰੀਬ 20x60 ਫੁੱਟ ਦੀ ਸਰਕਾਰੀ ਗਲੀ ਨੂੰ ਅਚਾਨਕ ਤੋੜ ਦਿੱਤਾ। ਇਸ ਘਟਨਾ ਤੋਂ ਬਾਅਦ 3 ਮਾਰਚ ਨੂੰ ਸਮੂਹ ਨਿਵਾਸੀਆਂ ਨੇ ਇਕੱਠੇ ਹੋ ਕੇ ਨਗਰ ਕੌਂਸਲ ਡੇਰਾਬੱਸੀ ਨੂੰ ਇਕ ਲਿਖਤੀ ਦਰਖਾਸਤ ਦਿੱਤੀ ਸੀ। ਉਸ ਸਮੇਂ ਕਾਰਵਾਈ ਕਰਦਿਆਂ ਨਗਰ ਕੌਂਸਲ ਨੇ ਤਕਰੀਬਨ ਇਕ ਹਫ਼ਤੇ ਦੇ ਅੰਦਰ-ਅੰਦਰ ਗਲੀ ਦਾ ਮੁੜ-ਨਿਰਮਾਣ (ਰਿਪੇਅਰ) ਕਰਵਾ ਦਿੱਤਾ ਸੀ, ਜਿਸ ਨਾਲ ਲੋਕਾਂ ਨੂੰ ਰਾਹਤ ਮਿਲੀ ਸੀ।
ਪੀੜਤ ਲੋਕਾਂ ਨੇ ਦੱਸਿਆ ਕਿ ਅੱਜ ਉਕਤ ਵਿਅਕਤੀ ਨੇ ਹੱਦ ਪਾਰ ਕਰਦਿਆਂ ਇਸ ਸਰਕਾਰੀ ਗਲੀ ਨੂੰ ਦੁਬਾਰਾ ਪੁੱਟ ਦਿੱਤਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਘਟਨਾ ਦੀ ਸੂਚਨਾ ਮਿਲਣ ਦੇ ਬਾਵਜੂਦ ਨਗਰ ਕੌਂਸਲ ਦਾ ਕੋਈ ਵੀ ਮੁਲਾਜ਼ਮ ਜਾਂ ਅਧਿਕਾਰੀ ਮੌਕੇ 'ਤੇ ਨਹੀਂ ਪਹੁੰਚਿਆ। ਗਲੀ ਟੁੱਟਣ ਕਾਰਨ ਕਾਲੋਨੀ ਨਿਵਾਸੀਆਂ ਦਾ ਲੰਘਣਾ-ਟੱਪਣਾ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ ਅਤੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਮੂਹ ਮਹੱਲਾ ਨਿਵਾਸੀਆਂ ਜਿਨ੍ਹਾਂ ਵਿਚ ਰਾਮਪਾਲ ਸਿੰਘ, ਰਾਜੇਸ਼ ਸ਼ਰਮਾ, ਰਾਮਭਜਨ ਪਾਲ, ਸੰਜੇ ਕੁਮਾਰ, ਕੁਲਦੀਪ ਕੁਮਾਰ, ਬਚਨ ਸਿੰਘ, ਵਿਨੋਦ ਅਤੇ ਕਿਰਨ ਸ਼ਰਮਾ ਸ਼ਾਮਲ ਹਨ ਆਦਿ ਨੇ ਪ੍ਰਸ਼ਾਸਨ ਅਤੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਵਾਲੇ ਵਿਅਕਤੀ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਰਸਤੇ ਨੂੰ ਤੁਰੰਤ ਬਹਾਲ ਕਰਵਾ ਕੇ ਨਿਵਾਸੀਆਂ ਦੀ ਪਰੇਸ਼ਾਨੀ ਨੂੰ ਦੂਰ ਕੀਤਾ ਜਾਵੇ।
ਉਧਰ ਨਗਰ ਕੌਂਸਲ ਦੇ ਪ੍ਰਧਾਨ ਆਸ਼ੂ ਉਪਨੇਜਾਂ ਨੇ ਆਖਿਆ ਕਿ ਨਗਰ ਕੌਂਸਲ ਵਿਚ ਇਸ ਬਾਬਤ ਕੋਈ ਵੀ ਅਦਾਲਤੀ ਜਾਂ ਪ੍ਰਸ਼ਾਸਨਿਕ ਜਾਣਕਾਰੀ ਨਹੀਂ ਹੈ। ਉਨ੍ਹਾਂ ਆਖਿਆ ਕਿ ਫਿਲਹਾਲ ਉੱਥੇ ਕੋਈ ਵੀ ਨਿਰਮਾਣ ਦੀ ਕਾਰਵਾਈ ਨੂੰ ਤੁਰੰਤ ਰੋਕ ਦਿੱਤਾ ਗਿਆ ਹੈ। ਸੋਮਵਾਰ ਨੂੰ ਦਸਤਾਵੇਜ ਦੇਖਣ ਮਗਰੋਂ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਉਧਰ ਦੂਜੀ ਧਿਰ ਦੇ ਪਰਿਵਾਰਿਕ ਮੈਂਬਰਾਂ ਮੁਤਾਬਿਕ ਉਨ੍ਹਾਂ ਦਾ ਡੇਰਾ ਬੱਸੀ ਅਦਾਲਤ ਦੇ ਵਿਚ ਕਾਫੀ ਸਮੇਂ ਤੋਂ ਰਤਨ ਕੌਰ ਐਮ.ਸੀ. ਬਨਾਮ ਕੇਸ ਚੱਲਦਾ ਆ ਰਿਹਾ ਸੀ। ਜੋ ਕਿ ਉਨ੍ਹਾਂ ਵਲੋਂ ਜਿੱਤ ਲਿਆ ਗਿਆ ਹੈ। ਅੱਜ ਅਦਾਲਤ ਦੀ ਨਿਰਦੇਸ਼ਾਂ ਦੇ ਤਹਿਤ ਪੁਲਿਸ ਅਤੇ ਪ੍ਰਸ਼ਾਸਨ ਦੀ ਹਾਜ਼ਰੀ ਵਿਚ ਉਨ੍ਹਾਂ ਨੇ ਇਸ ਜਗ੍ਹਾ ਦਾ ਕਬਜ਼ਾ ਲਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇੱਥੇ ਨਗਰ ਕੌਂਸਲ ਵਲੋਂ ਨਜਾਇਜ਼ ਤੌਰ ਤੇ ਗਲੀ ਬਣਾਈ ਹੋਈ ਸੀ।
;
;
;
;
;
;
;
;
;