JALANDHAR WEATHER

ਸਨੌਰ ਦੇ ਲੋਕਾਂ ਵਿਚ ਪਿਛਲੇ ਕਰੀਬ 20 ਦਿਨਾਂ ਤੋਂ ਬਿਜਲੀ ਸਪਲਾਈ ਪ੍ਰਭਾਵਿਤ ਰਹਿਣ ਕਾਰਨ ਭਾਰੀ ਰੋਸ

ਸਨੌਰ (ਪਟਿਆਲਾ), 19 ਜੁਲਾਈ (ਗੀਤਵਿੰਦਰ ਸਿੰਘ ਸੋਖਲ)- ਸਨੌਰ ਸ਼ਹਿਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਪਿਛਲੇ ਕਰੀਬ 20 ਦਿਨਾਂ ਤੋਂ ਰੋਜ਼ਾਨਾ ਲੰਬੇ ਸਮੇਂ ਤੱਕ ਬਿਜਲੀ ਸਪਲਾਈ ਪ੍ਰਭਾਵਿਤ ਰਹਿਣ ਕਾਰਨ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਅਤਿ ਦੀ ਗਰਮੀ ਅਤੇ ਹੁੰਮਸ ਦੌਰਾਨ ਲਗਭਗ 8 ਘੰਟੇ ਬਿਜਲੀ ਬੰਦ ਰਹਿਣ ਨਾਲ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਲੰਘੀ ਰਾਤ ਵੀ ਬਿਜਲੀ ਨਾ ਆਉਣ ਕਾਰਨ ਲੋਕਾਂ ਨੇ ਸਨੌਰ ਉਪ ਮੰਡਲ ਦਫ਼ਤਰ ਪਹੁੰਚ ਕੇ ਐਸ.ਡੀ.ਓ. ਅਤੇ ਐਕਸੀਅਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਅੱਜ ਵੀ ਕੁਰਸੀ ਖਾਲੀ ਦੇਖਣ ਨੂੰ ਮਿਲੀਆਂ।

ਲੋਕਾਂ ਨੇ ਦੋਸ਼ ਲਗਾਇਆ ਕਿ ਗਰਮੀ ਦੇ ਸੀਜ਼ਨ ਤੋਂ ਪਹਿਲਾਂ ਬਿਜਲੀ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਲਈ ਲੋੜੀਂਦੀ ਤਿਆਰੀ ਨਹੀਂ ਕੀਤੀ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਪੁਰਾਣੀਆਂ ਤਾਰਾਂ ਦੀ ਮੁਰੰਮਤ, ਜੰਪਰਾਂ ਦੀ ਬਦਲੀ ਅਤੇ ਲੋਡ ਅਨੁਸਾਰ ਟਰਾਂਸਫਾਰਮਰ ਲਗਾਉਣ ਵਰਗੇ ਕੰਮ ਸਮੇਂ ਸਿਰ ਨਾ ਹੋਣ ਕਾਰਨ ਹੁਣ ਹਰ ਰੋਜ਼ ਫਾਲਟ ਪੈ ਰਹੇ ਹਨ। ਕਈ ਵਾਰ ਟਰਾਂਸਫਾਰਮਰ ਦਾ ਛੋਟਾ ਜਿਹਾ ਫਿਊਜ਼ ਉੱਡਣ 'ਤੇ ਵੀ ਲੋਕਾਂ ਨੂੰ ਘੰਟਿਆਂ ਇੰਤਜ਼ਾਰ ਕਰਨਾ ਪੈਂਦਾ ਹੈ।

ਸਥਾਨਕ ਵਸਨੀਕਾਂ ਨੇ ਇਹ ਵੀ ਦਾਅਵਾ ਕੀਤਾ ਕਿ ਸ਼ਿਕਾਇਤ ਕੇਂਦਰ 'ਤੇ ਲੋੜੀਂਦਾ ਸਟਾਫ਼ ਨਾ ਹੋਣ ਕਾਰਨ ਫਾਲਟ ਦੂਰ ਕਰਨ ਵਿਚ ਬੇਵਜ੍ਹਾ ਦੇਰੀ ਹੋ ਰਹੀ ਹੈ। ਉਨ੍ਹਾਂ ਅਨੁਸਾਰ ਮੌਜੂਦਾ ਸਮੇਂ ਸਿਰਫ਼ ਦੋ ਕਰਮਚਾਰੀ ਹੀ ਡਿਊਟੀ 'ਤੇ ਹਨ, ਜਦਕਿ ਵਧੇਰੇ ਸਟਾਫ਼ ਦੀ ਲੋੜ ਹੈ। ਲੋਕਾਂ ਨੇ ਕਿਹਾ ਕਿ ਮੁੱਖ ਮੰਤਰੀ ਵਲੋਂ 24 ਘੰਟੇ ਬਿਜਲੀ ਦੇ ਦਾਅਵਿਆਂ ਦੇ ਬਾਵਜੂਦ ਸਨੌਰ ਦੇ ਲੋਕ ਲੰਬੇ ਬਿਜਲੀ ਕੱਟਾਂ ਵਰਗੀ ਸਥਿਤੀ ਦਾ ਸਾਹਮਣਾ ਕਰ ਰਹੇ ਹਨ।

ਰੋਸ ਪ੍ਰਗਟ ਕਰਦੇ ਹੋਏ ਲੋਕਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਬਿਜਲੀ ਸਪਲਾਈ ਵਿੱਚ ਜਲਦੀ ਸੁਧਾਰ ਨਾ ਕੀਤਾ ਗਿਆ ਤਾਂ ਉਹ ਪਾਵਰਕਾਮ ਦੇ ਮੁੱਖ ਦਫ਼ਤਰ ਸਾਹਮਣੇ ਧਰਨਾ ਦੇਣਗੇ ਅਤੇ ਚੇਅਰਮੈਨ ਨੂੰ ਮੰਗ-ਪੱਤਰ ਸੌਂਪਣਗੇ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਸਬੰਧਤ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਲੋਕ ਗਰਮੀ ਵਿਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨ ਲਈ ਮਜ਼ਬੂਰ ਹਨ ਅਤੇ ਹੁਣ ਇਸ ਸਮੱਸਿਆ ਦਾ ਪੱਕਾ ਹੱਲ ਕੀਤਾ ਜਾਣਾ ਚਾਹੀਦਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਪੰਜਾਬ / ਜਨਰਲ

ਅਜੀਤ ਟੀ ਵੀ