ਫੀਫਾ ਵਿਸ਼ਵ ਕੱਪ ਫਾਈਨਲ: ਸਪੇਨ ਨੇ 16 ਸਾਲ ਬਾਅਦ ਵਿਸ਼ਵ ਕੱਪ ਜਿੱਤਿਆ, ਅਰਜਨਟੀਨਾ ਨੂੰ 1-0 ਨਾਲ ਹਰਾਇਆ
ਨਿਊਯਾਰਕ, 19 ਜੁਲਾਈ (ਏਜੰਸੀ, ਰਾਜੂ ਸਹਿਬਾਜ਼ਪੁਰਾ)-ਨਿਊਜਰਸੀ ਦੇ ਈਸਟ ਰਦਰਫੋਰਡ ਸਥਿਤ ਮੈਟਲਾਈਫ ਸਟੇਡੀਅਮ ’ਚ ਖੇਡੇ ਗਏ ਫੀਫਾ ਵਿਸ਼ਵ ਕੱਪ ਦੇ ਖ਼ਿਤਾਬੀ ਮੁਕਾਬਲੇ ’ਚ ਸਪੇਨ ਨੇ ਅਰਜਨਟੀਨਾ ਨੂੰ 1-0 ਨਾਲ ਹਰਾ ਕੇ ਵਿਸ਼ਵ ਚੈਂਪੀਅਨ ਦਾ ਖ਼ਿਤਾਬ ਆਪਣੇ ਨਾਂਅ ਕੀਤਾ। ਇਸ ਬੇਹਦ ਰੋਮਾਂਚਕ ਮੈਚ ਦੇ 90 ਮਿੰਟ ਤੱਕ ਦੋਵੇਂ ਟੀਮਾਂ 0-0 ਨਾਲ ਬਰਾਬਰੀ ’ਤੇ ਰਹੀਆਂ। ਸ਼ੁਰੂ ਤੋਂ ਹੀ ਸਪੇਨ ਨੇ ਗੇਂਦ ਉੱਤੇ ਕਬਜ਼ਾ ਬਣਾਈ ਰੱਖਿਆ ਤੇ ਛੋਟੇ-ਛੋਟੇ ਪਾਸਾਂ ਨਾਲ ਅਰਜਨਟੀਨਾ ਦੀ ਰੱਖਿਆ ਨੂੰ ਤੋੜਨ ਦੀ ਕੋਸ਼ਿਸ਼ ਕੀਤੀ। ਲਾਮਿਨ ਯਮਾਲ ਨੂੰ ਸ਼ੁਰੂਆਤੀ ਮਿੰਟਾਂ ਵਿਚ ਗੋਲ ਕਰਨ ਦਾ ਮੌਕਾ ਮਿਲਿਆ, ਪਰ ਅਰਜਨਟੀਨਾ ਦੇ ਗੋਲਕੀਪਰ ਐਮੀਲਿਆਨੋ ਮਾਰਟੀਨੇਜ਼ ਨੇ ਸਾਰੀਆਂ ਕੋਸ਼ੀਸ਼ਾਂ ਨਾਕਾਮ ਕੀਤੀਆਂ। ਪਹਿਲੇ ਅੱਧ ’ਚ ਸਪੇਨ ਨੇ ਅਰਜਨਟੀਨਾ ਨਾਲੋਂ ਲਗਭਗ 150 ਵੱਧ ਪਾਸ ਪੂਰੇ ਕੀਤੇ, ਪਰ ਲਗਾਤਾਰ ਦਬਾਅ ਦੇ ਬਾਵਜੂਦ ਗੋਲ ਨਹੀਂ ਕਰ ਸਕਿਆ। ਮਿਕੇਲ ਓਯਾਰਜ਼ਾਬਲ ਦੀ ਇਕ ਵਧੀਆ ਕੋਸ਼ਿਸ਼ ਨੂੰ ਮਾਰਟੀਨੇਜ਼ ਨੇ ਰੋਕ ਲਿਆ, ਜਦਕਿ ਮਾਰਕ ਕੁਕੁਰੇਲਾ ਦੀ ਦੂਰੋਂ ਮਾਰੀ ਗੇਂਦ ਗੋਲ ਦੇ ਬਿਲਕੁਲ ਨੇੜਿਓਂ ਬਾਹਰ ਨਿਕਲ ਗਈ। ਦੂਜੇ ਪਾਸੇ ਅਰਜਨਟੀਨਾ ਦਾ ਹਮਲਾ ਪਹਿਲੇ ਅੱਧ ’ਚ ਬਿਲਕੁਲ ਪ੍ਰਭਾਵਸ਼ਾਲੀ ਨਹੀਂ ਰਿਹਾ। ਟੀਮ ਇਕ ਵੀ ਸ਼ਾਟ ਨਿਸ਼ਾਨੇ ’ਤੇ ਨਹੀਂ ਲਗਾ ਸਕੀ ਤੇ ਸਪੇਨ ਦੇ ਪੈਨਲਟੀ ਖੇਤਰ ਵਿਚ ਵੀ ਗੇਂਦ ਨਹੀਂ ਪਹੁੰਚਾ ਸਕੀ। ਲਿਓਨਲ ਮੈਸੀ ਨੂੰ ਪਹਿਲੇ ਅੱਧ ’ਚ ਸਿਰਫ਼ 15 ਵਾਰ ਗੇਂਦ ਛੂਹਣ ਦਾ ਮੌਕਾ ਮਿਲਿਆ, ਜਦਕਿ ਯਮਾਲ ਨੇ 26 ਵਾਰ ਗੇਂਦ ’ਤੇ ਕਬਜ਼ਾ ਕੀਤਾ। ਮੈਸੀ ਲਈ ਸਭ ਤੋਂ ਵਧੀਆ ਮੌਕਾ ਪੰਜਵੇਂ ਮਿੰਟ ਵਿਚ ਬਣਿਆ। ਮੈਸੀ ਗੋਲ ਵੱਲ ਵਧੇ, ਪਰ ਸਪੇਨ ਦੇ ਗੋਲਕੀਪਰ ਉਨਾਈ ਸਿਮੋਨ ਨੇ ਅੱਗੇ ਆ ਕੇ ਖ਼ਤਰਾ ਟਾਲ ਦਿੱਤਾ। ਅਰਜਨਟੀਨਾ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ, ਜਦੋਂ ਰੱਖਿਆ ਖਿਡਾਰੀ ਲਿਸਾਂਦਰੋ ਮਾਰਟੀਨੇਜ਼ ਸੱਟ ਲੱਗਣ ਕਾਰਨ ਮੈਦਾਨ ਤੋਂ ਬਾਹਰ ਚਲਾ ਗਿਆ। ਉਸ ਦੀ ਥਾਂ 38 ਸਾਲਾ ਨਿਕੋਲਸ ਓਟਾਮੈਂਡੀ ਨੂੰ ਮੈਦਾਨ ਵਿੱਚ ਉਤਾਰਿਆ ਗਿਆ। ਲਿਆਂਦਰੋ ਪਰੇਡੇਸ ਨੂੰ ਦੂਜੇ ਅੱਧ ਵਿਚ ਸਪੇਨੀ ਖਿਡਾਰੀਆਂ ਨਾਲ ਧੱਕਾ-ਮੁੱਕੀ ਤੋਂ ਬਾਅਦ ਪੀਲਾ ਕਾਰਡ ਵੀ ਦਿਖਾਇਆ ਗਿਆ। ਦੂਜੇ ਅੱਧ ’ਚ ਸਪੇਨ ਹੋਰ ਹਮਲਾਵਰ ਅੰਦਾਜ਼ ਵਿਚ ਖੇਡਿਆ। ਯਮਾਲ ਦੇ ਸ਼ਾਨਦਾਰ ਪਾਸ ’ਤੇ ਫੇਰਾਨ ਟੋਰੇਸ ਨੇ ਹੈੱਡ ਰਾਹੀਂ ਗੋਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਮਾਰਟੀਨੇਜ਼ ਨੇ ਇਕ ਵਾਰ ਫਿਰ ਸ਼ਾਨਦਾਰ ਬਚਾਅ ਕੀਤਾ। ਅਰਜਨਟੀਨਾ ਦੇ ਕੋਚ ਲਿਓਨਲ ਸਕਾਲੋਨੀ ਨੇ ਮੈਸੀ ਨੂੰ ਮੈਦਾਨ ਦੇ ਕੇਂਦਰ ’ਚ ਵੱਧ ਸਰਗਰਮ ਕਰਨ ਦੀ ਕੋਸ਼ਿਸ਼ ਕੀਤੀ, ਪਰ ਸਪੇਨ ਦੀ ਮਜ਼ਬੂਤ ਰੱਖਿਆ ਨੂੰ ਤੋੜਨਾ ਆਸਾਨ ਨਹੀਂ ਸੀ। ਦੂਜੇ ਅੱਧ ’ਚ ਲਾਮਿਨ ਯਮਾਲ, ਨੀਕੋ ਵਿਲੀਅਮਜ਼ ਤੇ ਸਪੇਨ ਦੇ ਮਿਡਫੀਲਡ ਨੇ ਅਰਜਨਟੀਨਾ ਦੀ ਰੱਖਿਆ ’ਤੇ ਲਗਾਤਾਰ ਦਬਾਅ ਬਣਾਏ ਰੱਖਿਆ। ਹਰ ਵਾਰ ਐਮੀਲਿਆਨੋ ਮਾਰਟੀਨੇਜ਼ ਨੇ ਸ਼ਾਨਦਾਰ ਬਚਾਅ ਕਰਕੇ ਆਪਣੀ ਟੀਮ ਨੂੰ ਗੋਲ ਖਾਣ ਤੋਂ ਬਚਾਇਆ। ਮੈਚ ਦੇ ਆਖ਼ਰੀ ਪਲਾਂ ਵਿਚ ਸਪੇਨ ਨੂੰ ਸਭ ਤੋਂ ਵੱਡਾ ਮੌਕਾ ਮਿਲਿਆ, ਜਦੋਂ ਨੀਕੋ ਵਿਲੀਅਮਜ਼ ਦਾ ਹੈੱਡਰ ਗੋਲ ਵੱਲ ਜਾ ਰਿਹਾ ਸੀ, ਪਰ ਅਰਜਨਟੀਨਾ ਦੇ ਇੱਕ ਡਿਫੈਂਡਰ ਨੇ ਗੋਲ ਲਾਈਨ ਤੋਂ ਗੇਂਦ ਕਲੀਅਰ ਕਰ ਦਿੱਤੀ। ਇਸ ਮੌਕੇ ’ਤੇ ਸਟੇਡੀਅਮ ਵਿਚ ਮੌਜੂਦ ਹਜ਼ਾਰਾਂ ਦਰਸ਼ਕ ਆਪਣੀਆਂ ਸੀਟਾਂ ਤੋਂ ਖੜ੍ਹੇ ਹੋ ਗਏ, ਪਰ ਗੋਲ ਨਾ ਹੋਣ ਕਾਰਨ ਰੋਮਾਂਚ ਹੋਰ ਵੱਧ ਗਿਆ। ਆਖ਼ਰੀ ਮਿੰਟਾਂ ’ਚ ਤਣਾਅ ਹੋਰ ਵਧ ਗਿਆ। ਕਈ ਸਖ਼ਤ ਟੈਕਲ ਅਤੇ ਫਾਊਲ ਹੋਏ, ਜਦਕਿ ਅਰਜਨਟੀਨਾ ਦੇ ਮਿਡਫੀਲਡਰ ਐਨਜ਼ੋ ਫਰਨਾਂਡੇਜ਼ ਨੂੰ ਦੂਜਾ ਪੀਲਾ ਕਾਰਡ ਮਿਲਣ ਤੋਂ ਬਾਅਦ ਮੈਦਾਨ ਛੱਡਣਾ ਪਿਆ। ਇਸ ਨਾਲ ਅਰਜਨਟੀਨਾ ਨੂੰ 10 ਖਿਡਾਰੀਆਂ ਨਾਲ ਹੀ ਖੇਡ ਜਾਰੀ ਰੱਖਣੀ ਪਈ। 90 ਮਿੰਟਾਂ ਦੇ ਅੰਤ ਤੱਕ ਸਕੋਰ 0-0 ਰਿਹਾ ਤੇ ਫੀਫਾ ਵਿਸ਼ਵ ਕੱਪ 2026 ਦਾ ਫਾਈਨਲ ਵਾਧੂ ਸਮੇਂ ’ਚ ਪਹੁੰਚ ਗਿਆ। ਵਾਧੂ ਸਮੇਂ ’ਚ 106ਵੇਂ ਮਿੰਟ ’ਤੇ ਫੇਰਾਨ ਟੋਰੇਸ ਨੇ ਮੈਚ ਦਾ ਪਹਿਲਾ ਤੇ ਇਕ ਸ਼ਾਨਦਾਰ ਗੋਲ ਕੀਤਾ।
;
;
;
;
;
;
;