2 ਸਾਲਾਂ ’ਚ ਰਾਜ ਸਭਾ ਮੈਂਬਰਾਂ ਨੇ 262 ਕਰੋੜ ਖਰਚ ਕੀਤੇ-ਆਰ.ਟੀ.ਆਈ. ’ਚ ਖੁਲਾਸਾ
ਜੈਪੁਰ, 19 ਜੁਲਾਈ (ਏਜੰਸੀ)-ਆਰ.ਟੀ.ਆਈ. ਤੋਂ ਪਤਾ ਲੱਗਾ ਹੈ ਕਿ ਪਿਛਲੇ ਦੋ ਵਿੱਤੀ ਸਾਲਾਂ (2024-25 ਅਤੇ 2025-26) ’ਚ ਰਾਜ ਸਭਾ ਦੇ ਸਾਰੇ ਸੰਸਦ ਮੈਂਬਰਾਂ ਦੀ ਤਨਖਾਹ, ਭੱਤੇ ਤੇ ਸਹੂਲਤਾਂ ’ਤੇ 262 ਕਰੋੜ ਰੁਪਏ ਤੋਂ ਜ਼ਿਆਦਾ ਖਰਚ ਕੀਤੇ ਗਏ। ਇਨ੍ਹਾਂ ’ਚੋਂ 151 ਕਰੋੜ ਰੁਪਏ ਤੋਂ ਜ਼ਿਆਦਾ ਸਿਰਫ਼ ਉਨ੍ਹਾਂ ਦੇ ਭੱਤਿਆਂ ਤੇ ਯਾਤਰਾ ’ਤੇ ਖਰਚ ਹੋਏ। 2024-25 ’ਚ ਸਰਕਾਰੀ ਖਜ਼ਾਨੇ ਤੋਂ ਰਾਜ ਸਭਾ ਮੈਂਬਰਾਂ ’ਤੇ 98 ਕਰੋੜ ਰੁਪਏ ਤੋਂ ਜ਼ਿਆਦਾ ਖਰਚ ਕੀਤੇ ਗਏ, ਜੋ 2025-26 ’ਚ ਵੱਧ ਕੇ 163 ਕਰੋੜ ਰੁਪਏ ਹੋ ਗਏ ਭਾਵ ਇਨ੍ਹਾਂ ’ਚ 65 ਕਰੋੜ ਰੁਪਏ ਦਾ ਵਾਧਾ ਹੋਇਆ। ਇਸ ਰਕਮ ’ਚ ਦੇਸ਼ ਦੇ ਅੰਦਰ ਦੀ ਯਾਤਰਾ, ਵਿਦੇਸ਼ ਯਾਤਰਾ, ਦਫ਼ਤਰ ਦਾ ਖਰਚ ਤੇ ਮੈਡੀਕਲ ਬਿੱਲ ਸ਼ਾਮਿਲ ਹਨ। 2024-25 ’ਚ ਤਨਖਾਹ ’ਤੇ 25.71 ਕਰੋੜ ਰੁਪਏ ਤੋਂ ਵੱਧ, ਮੈਡੀਕਲ ਬਿੱਲ ’ਤੇ 8.2 ਕਰੋੜ ਰੁਪਏ, ਯਾਤਰਾ ’ਤੇ 24.99 ਕਰੋੜ ਤੇ ਭੱਤਿਆਂ ’ਤੇ 33.33 ਕਰੋੜ ਰੁਪਏ ਤੋਂ ਵੱਧ ਖਰਚ ਹੋਏ। ਬਿਨੈਕਾਰ ਚੰਦਰ ਸ਼ੇਖਰ ਗੌਰ ਦੇ ਸਵਾਲ ’ਤੇ ਰਾਜ ਸਭਾ ਸਕੱਤਰੇਤ ਦੇ ਜਵਾਬ ਅਨੁਸਾਰ 2025-26 ’ਚ ਤਨਖਾਹ ’ਤੇ 44.6 ਕਰੋੜ ਰੁਪਏ ਤੋਂ ਵੱਧ, ਮੈਡੀਕਲ ਬਿੱਲ ’ਤੇ 9.6 ਕਰੋੜ ਰੁਪਏ, ਯਾਤਰਾ ਖਰਚ 36 ਕਰੋੜ ਤੇ ਭੱਤਿਆਂ ’ਤੇ 58.78 ਕਰੋੜ ਰੁਪਏ ਤੋਂ ਵੱਧ ਖਰਚ ਹੋਏ। ਰਾਜ ਸਭਾ ਸੰਸਦ ਮੈਂਬਰਾਂ ਨੂੰ ਕੁਲ 21 ਤਰ੍ਹਾਂ ਦੇ ਖਰਚਿਆਂ ਲਈ ਪੈਸੇ ਮਿਲਦੇ ਹਨ।
;
;
;
;
;
;
;