ਕੈਬਨਿਟ ਮੰਤਰੀ ਸੌੰਦ ਵਲੋਂ 66 ਕੇਵੀ ਗਰਿੱਡ ਦਾ ਉਦਘਾਟਨ
ਜਗਰਾਉਂ (ਲੁਧਿਆਣਾ), 20 ਜੁਲਾਈ (ਕੁਲਦੀਪ ਸਿੰਘ ਲੋਹਟ)- ਪੰਜਾਬ ਦੇ ਬਿਜਲੀ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਜਗਰਾਉਂ ਦੇ ਪਿੰਡ ਗਿੱਦੜਵਿੰਡੀ ਵਿਚ 5.50 ਕਰੋੜ ਰੁਪਏ ਦੀ ਲਾਗਤ ਨਾਲ ਬਣੇ 66 ਕੇਵੀ ਗਰਿੱਡ ਸਬ-ਸਟੇਸ਼ਨ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਨਿਰਵਿਘਨ, ਭਰੋਸੇਯੋਗ ਅਤੇ ਬਿਹਤਰ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਇਸ ਪ੍ਰੋਜੈਕਟ ਨਾਲ ਖੇਤਰ ਦਾ ਬਿਜਲੀ ਬੁਨਿਆਦੀ ਢਾਂਚਾ ਹੋਰ ਮਜ਼ਬੂਤ ਹੋਵੇਗਾ।
ਸੌੰਦ ਨੇ ਦੱਸਿਆ ਕਿ ਇਸ ਗਰਿੱਡ ਤੋਂ ਗਿੱਦੜਵਿੰਡੀ, ਲੋਦੀਵਾਲ, ਤਿਹਾੜਾ, ਸ਼ੇਰੇਵਾਲ, ਸੋਢੀਵਾਲ, ਮਲਸੀਆਂ ਬਾਜਣ, ਕੰਨੀਆਂ, ਰਸੂਲਪੁਰ ਜੰਡੀ, ਤਰਫ਼ ਕੋਟਲੀ ਅਤੇ ਅਬੂਪੁਰਾ ਸਮੇਤ 10 ਪਿੰਡਾਂ ਦੇ ਹਜ਼ਾਰਾਂ ਖਪਤਕਾਰਾਂ ਨੂੰ ਨਿਰਵਿਘਨ ਅਤੇ ਭਰੋਸੇਯੋਗ ਬਿਜਲੀ ਸਪਲਾਈ ਦਾ ਲਾਭ ਮਿਲੇਗਾ।
ਉਨ੍ਹਾਂ ਦੱਸਿਆ ਕਿ ਪ੍ਰੋਜੈਕਟ ਤਹਿਤ 6.30 ਕਿਲੋਮੀਟਰ ਲੰਬੀ 66 ਕੇਵੀ ਟਰਾਂਸਮਿਸ਼ਨ ਲਾਈਨ ਵਿਛਾਈ ਗਈ ਹੈ ਅਤੇ 12.5 ਐੱਮਵੀਏ ਸਮਰੱਥਾ ਵਾਲਾ ਪਾਵਰ ਟਰਾਂਸਫਾਰਮਰ ਸਥਾਪਤ ਕੀਤਾ ਗਿਆ ਹੈ। ਸਬ-ਸਟੇਸ਼ਨ ਲਈ ਪਿੰਡ ਵਾਸੀਆਂ ਨੇ 1 ਏਕੜ 2 ਕਨਾਲ ਜ਼ਮੀਨ ਲੋਕ ਹਿੱਤ ਵਿਚ ਦਾਨ ਕੀਤੀ।
ਇਸ ਮੌਕੇ ਵਿਧਾਇਕ ਸਰਬਜੀਤ ਕੌਰ ਨੇ ਕਿਹਾ ਕਿ ਬੁਜਕਰ, ਕਾਉਂਕੇ ਅਤੇ ਭੰਮੀਪੁਰ ਵਿਚ ਵੀ ਜਲਦੀ 66 ਕੇਵੀ ਗਰਿੱਡਾਂ ਦਾ ਨਿਰਮਾਣ ਸ਼ੁਰੂ ਹੋਵੇਗਾ, ਜਿਸ ਨਾਲ ਸਮੁੱਚੇ ਹਲਕੇ ਦੀ ਬਿਜਲੀ ਵਿਵਸਥਾ ਵਿਚ ਹੋਰ ਸੁਧਾਰ ਆਵੇਗਾ।
;
;
;
;
;
;
;