JALANDHAR WEATHER

ਜੱਗੂ ਭਗਵਾਨਪੁਰੀਆ ਅਪਰਾਧ ਦੀ ਦੁਨੀਆਂ ਤੋਂ ਲੋਕ ਸੇਵਾ ਵੱਲ ਕਾਨੂੰਨ ਅਨੁਸਾਰ ਹਰ ਸਜ਼ਾ ਭੁਗਤਣ ਲਈ ਤਿਆਰ

ਕੋਟਲੀ ਸੂਰਤ ਮੱਲੀ (ਗੁਰਦਾਸਪੁਰ), 19 ਜੁਲਾਈ (ਕੁਲਦੀਪ ਸਿੰਘ ਨਾਗਰਾ) - ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਟੀਮ ਨੇ ਸੋਸ਼ਲ ਮੀਡੀਆ ਤੇ ਇਕ ਪੋਸਟ ਪਾ ਕੇ ਐਲਾਨ ਕੀਤਾ ਕਿ ਉਹ ਅਪਰਾਧ ਦੀ ਦੁਨੀਆ ਤੋਂ ਸੰਨਿਆਸ ਲੈਂਦੇ ਹਨ ਤੇ ਕਾਨੂੰਨ ਅਨੁਸਾਰ ਜੋ ਵੀ ਸਜ਼ਾ ਉਹ ਭੁਗਤ ਕੇ ਲੋਕ ਸੇਵਾ ਕਰਨਗੇ। ਇਸ ਸੰਬੰਧੀ ਜੱਗੂ ਭਗਵਾਨਪੁਰੀਆ ਟੀਮ ਵਲੋਂ ਪਾਈ ਗਈ ਪੋਸਟ ਵਿਚ ਲਿਖਿਆ ਕਿ ਮੈਂ ਜੱਗੂ ਭਗਵਾਨਪੁਰੀਆ ਆਪਣੀ ਪੂਰੀ ਹੋਸ਼ ਹਵਾਸ ਵਿਚ ਇਹ ਗੱਲ ਸਭ ਨੂੰ ਦੱਸਣਾ ਚਾਹੁੰਦਾ ਹਾਂ ਕਿ ਅੱਜ ਤੋਂ ਮੈਂ ਇਸ ਗੈਂਗਸਟਰ ਲਾਈਨ ਤੋਂ ਹਰ ਤਰੀਕੇ ਨਾਲ ਸਨਿਆਸ ਲੈਂਦਾ ਹਾਂ। ਮੇਰੇ ਉੱਪਰ ਜਿੰਨੇ ਵੀ ਕੇਸ ਹਨ, ਚਾਹੇ ਸਹੀ ਹਨ ਜਾਂ ਗਲਤ ਮੈਂ ਉਹ ਉਨ੍ਹਾਂ ਦਾ ਸਾਹਮਣਾ ਕਾਨੂੰਨੀ ਤਰੀਕੇ ਨਾਲ ਕਰਾਂਗਾ। ਜਿਨ੍ਹਾਂ ਦੀ ਜਿੰਨੀ ਵੀ ਸਜ਼ਾ ਮੇਰੇ ਹਿੱਸੇ ਵਿਚ ਬਣਦੀ ਹੈ, ਚਾਹੇ 10 ਸਾਲ ਹੋਵੇ ਜਾਂ 20 ਸਾਲ ਮੈਂ ਉਹ ਪੂਰੀ ਇਮਾਨਦਾਰੀ ਨਾਲ ਭੁਗਤਾਂਗਾ।
ਹੁਣ ਮੇਰਾ ਭਰੋਸਾ ਸਿਰਫ ਕਾਨੂੰਨ ਅਤੇ ਵਾਹਿਗੁਰੂ ਦੀ ਰਜ਼ਾ ਉੱਤੇ ਹੈ। ਮੈਂ 2007 2008 ਵਿਚ ਛੋਟੀ ਉਮਰ ਵਿਚ ਇਸ ਅਪਰਾਧ ਦੀ ਦੁਨੀਆਂ ਵਿਚ ਆਇਆ। ਉਸ ਸਮੇਂ ਦੀ ਨਾਵਾਨੀ ਹਾਲਾਤ ਵਿਚ ਅਤੇ ਮੇਰੀਆਂ ਆਪਣੀਆਂ ਗਲਤੀਆਂ ਕਰਕੇ ਮੇਰੇ ਉੱਪਰ ਕਈ ਕੇਸ ਬਣੇ, ਮੈਂ ਜੇਲ੍ਹ ਵੀ ਗਿਆ ਅਤੇ ਜੇਲ੍ਹ ਵਿਚੋਂ ਫਰਾਰ ਵੀ ਹੋਇਆ। ਇਸ ਤੋਂ ਬਾਅਦ ਮੈਂ ਇਸ ਹਨੇਰੇ ਰਾਹ ਵਿਚ ਹੋਰ ਡੂੰਘਾ ਫਸਦਾ ਗਿਆ। ਅਖੀਰ 2015 ਵਿਚ ਪੁਲਿਸ ਨੇ ਮੈਨੂੰ ਦੁਬਾਰਾ ਗ੍ਰਿਫਤਾਰ ਕੀਤਾ। ਜੇਲ੍ਹ ਦੇ ਅੰਦਰ ਜਾਣ ਤੋਂ ਬਾਅਦ ਇਕ ਤੋਂ ਬਾਅਦ ਇਕ ਵਾਰਦਾਤਾਂ ਹੁੰਦੀਆਂ ਰਹੀਆਂ। ਇਸ ਰਾਹ 'ਤੇ ਆਪਣੇ ਬਹੁਤ ਦੁਸ਼ਮਣ ਅਸੀਂ ਖ਼ਤਮ ਕਰ ਦਿੱਤੇ ਅਤੇ ਮੇਰੇ ਬਹੁਤ ਸਾਰੇ ਭਰਾ ਵੀ ਇਸ ਦੁਨੀਆਂ ਨੂੰ ਛੱਡ ਗਏ। ਪਰ ਪਿਛਲੇ ਸਾਲ ਮੈਨੂੰ ਸਭ ਤੋਂ ਵੱਡਾ ਦੁੱਖ ਉਸ ਵੇਲੇ ਮਿਲਿਆ ਜਦੋਂ ਮੇਰੀ ਮਾਤਾ ਹਰਜੀਤ ਕੌਰ ਜੀ ਦਾ ਕਤਲ ਹੋ ਗਿਆ। ਉਸ ਘਟਨਾ ਨੇ ਮੈਨੂੰ ਅੰਦਰੋਂ ਪੂਰੀ ਤਰ੍ਹਾਂ ਤੋੜ ਕੇ ਰੱਖ ਦਿੱਤਾ। ਉਸ ਤੋਂ ਬਾਅਦ ਮੈਨੂੰ ਅਹਿਸਾਸ ਹੋਇਆ ਕਿ ਇਸ ਰਾਹ ਦਾ ਅੰਤ ਸਿਰਫ ਦੁੱਖ, ਮੌਤ, ਜੇਲ੍ਹ ਅਤੇ ਪਰਿਵਾਰ ਦੀ ਬਰਬਾਦੀ ਹੈ। ਮਾਂ ਬਾਪ ਕਦੇ ਵੀ ਨਹੀਂ ਚਾਹੁੰਦੇ ਕਿ ਉਨ੍ਹਾਂ ਦਾ ਪੁੱਤਰ ਇਸ ਰਾਹ 'ਤੇ ਚੱਲੇ। ਕਈ ਵਾਰ ਹਾਲਾਤ ਸਮਾਂ ਅਤੇ ਸੰਗਤ ਇਨਸਾਨ ਤੋਂ ਗਲਤ ਫ਼ੈਸਲੇ ਕਰਵਾ ਦਿੰਦੇ ਹਨ। ਪਰ ਅਖੀਰ ਕਰ ਆਪਣੀਆਂ ਗਲਤੀਆਂ ਦੀ ਜ਼ਿੰਮੇਵਾਰੀ ਵੀ ਖ਼ੁਦ ਹੀ ਲੈਣੀ ਪੈਂਦੀ ਹੈ।
ਮੇਰੀ ਸਭ ਨੂੰ ਇਹੀ ਬੇਨਤੀ ਹੈ ਕਿ ਮੇਰੇ ਇਸ ਫ਼ੈਸਲੇ ਦੀ ਇੱਜ਼ਤ ਕੀਤੀ ਜਾਵੇ। ਭਗਵਾਨਪੁਰ ਗਰੁੱਪ ਦੇ ਨਵੇਂ ਲੀਡਰ ਦਾ ਨਾਮ ਜਲਦ ਹੀ ਸਾਹਮਣੇ ਆਵੇਗਾ ਅਤੇ ਉਹੀ ਗਰੁੱਪ ਨੂੰ ਅੱਗੇ ਤੋਂ ਲੀਡ ਕਰੇਗਾ। ਬਾਕੀ ਸਭ ਕੁਝ ਵਾਹਿਗੁਰੂ ਦੀ ਰਜ਼ਾ ਵਿਚ ਹੈ । ਮੈਂ ਅਰਦਾਸ ਕਰਦਾ ਹਾਂ ਕਿ ਵਾਹਿਗੁਰੂ ਸਭ ਨੂੰ ਇਸ ਚੰਗੀ ਮੱਤ ਬਖਸ਼ੇ ਤੇ ਹਰ ਘਰ ਨੂੰ ਸੁੱਖ ਸ਼ਾਂਤੀ ਦੇਵੇ। ਮੈਂ ਆਪ ਅਤੇ ਮੇਰਾ ਪਰਿਵਾਰ ਹਮੇਸ਼ਾ ਆਪਣੇ ਇਲਾਕੇ ਦੀ ਸੇਵਾ ਕਰਦੇ ਰਹਾਂਗੇ।
ਇੱਥੇ ਇਹ ਜ਼ਿਕਰਯੋਗ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਜੱਗੂ ਭਗਵਾਨਪੁਰੀਆ ਦੀ ਟੀਮ ਨੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅੰਦਰ ਜਿਥੇ ਆਪਣੀਆਂ ਸਿਆਸੀ ਸਰਗਰਮੀਆਂ ਸ਼ੁਰੂ ਕੀਤੀਆਂ ਹੋਈਆਂ ਹਨ ਉੱਥੇ ਲੜਕੀਆਂ ਦੇ ਵਿਆਹ ਤੇ 21000 ਦਾ ਸ਼ਗਨ ਦੇਣ ਤੇ ਹੋਰ ਲੋੜਵੰਦਾਂ ਦੀ ਸਹਾਇਤਾ ਵੀ ਕੀਤੀ ਜਾ ਰਹੀ ਹੈ ਤੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਚੋਣ ਲੜਨ ਦੀ ਗੱਲ ਵੀ ਕਹੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਪੰਜਾਬ / ਜਨਰਲ

ਅਜੀਤ ਟੀ ਵੀ