JALANDHAR WEATHER

ਦਿੱਲੀ ਕੂਚ ਦੇ ਸੱਦੇ ਕਾਰਨ ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ ਠੱਪ

ਲਾਲੜੂ/ਡੇਰਾਬਸੀ (ਮੁਹਾਲੀ), 21 ਜੁਲਾਈ (ਰਾਜਬੀਰ ਸਿੰਘ/ ਰਣਬੀਰ ਸਿੰਘ ਪੜ੍ਹੀ) - ਕਿਸਾਨ ਸੰਗਠਨਾਂ ਵਲੋਂ ਅੱਜ ਦਿੱਤੇ ਗਏ 'ਦਿੱਲੀ ਕੂਚ' ਦੇ ਸੱਦੇ ਨੂੰ ਵੇਖਦਿਆਂ ਹਰਿਆਣਾ ਪੁਲਿਸ ਵਲੋਂ ਅੰਮ੍ਰਿਤਸਰ-ਦਿੱਲੀ ਰਾਸ਼ਟਰੀ ਸ਼ਾਹਰਾਹ 'ਤੇ ਕੀਤੇ ਗਏ ਪੁਖ਼ਤਾ ਸੁਰੱਖਿਆ ਇੰਤਜ਼ਾਮਾਂ ਕਾਰਨ ਪੂਰੇ ਖੇਤਰ ਦੀ ਆਵਾਜਾਈ ਪ੍ਰਣਾਲੀ ਪ੍ਰਭਾਵਿਤ ਹੋਈ ਹੈ। ਜੀ.ਟੀ. ਰੋਡ 'ਤੇ ਲਾਈਆਂ ਗਈਆਂ ਰੋਕਾਂ ਕਾਰਨ ਟਰੈਫ਼ਿਕ ਦਾ ਪੂਰਾ ਬੋਝ ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ 'ਤੇ ਆ ਪਿਆ, ਜਿਸ ਨਾਲ ਲਾਲੜੂ, ਲੈਹਲੀ, ਡੇਰਾਬੱਸੀ ਅਤੇ ਸ਼ੰਭੂ ਸਰਹੱਦ ਤੱਕ ਕਈ-ਕਈ ਕਿਲੋਮੀਟਰ ਤੱਕ ਵਾਹਨਾਂ ਦੀਆਂ ਕਤਾਰਾਂ ਦੇਖਣ ਨੂੰ ਮਿਲੀਆਂ।
ਅਮਨ-ਕਾਨੂੰਨ ਦੀ ਸਥਿਤੀ ਨੂੰ ਕਾਬੂ ਹੇਠ ਰੱਖਣ ਦਾ ਹਵਾਲਾ ਦਿੰਦਿਆਂ ਹਰਿਆਣਾ ਪੁਲਿਸ ਨੇ ਜੀ.ਟੀ. ਰੋਡ 'ਤੇ ਲੋਹੇ ਤੇ ਸੀਮੈਂਟ ਦੇ ਭਾਰੀ ਬੈਰੀਕੇਡ ਲਾਏ ਹਨ। ਸੜਕਾਂ ਨੂੰ ਬੰਦ ਕਰਨ ਲਈ ਪੋਕਲੇਨ ਅਤੇ ਜੇ.ਸੀ.ਬੀ. ਮਸ਼ੀਨਾਂ ਦੀ ਵਰਤੋਂ ਕਰਕੇ ਆਵਾਜਾਈ ਨੂੰ ਅਸਥਾਈ ਤੌਰ 'ਤੇ ਪੂਰੀ ਤਰ੍ਹਾਂ ਡੱਕ ਦਿੱਤਾ ਗਿਆ ਹੈ। ਮੁੱਖ ਚੌਕਾਂ 'ਤੇ ਵੱਡੀ ਗਿਣਤੀ 'ਚ ਹਥਿਆਰਬੰਦ ਪੁਲਿਸ ਨਫ਼ਰੀ ਤਾਇਨਾਤ ਹੈ।
ਰਾਸ਼ਟਰੀ ਸ਼ਾਹਰਾਹ ਬੰਦ ਹੋਣ ਕਾਰਨ ਹਜ਼ਾਰਾਂ ਦੀ ਗਿਣਤੀ 'ਚ ਛੋਟੀਆਂ-ਵੱਡੀਆਂ ਗੱਡੀਆਂ ਅੰਬਾਲਾ-ਚੰਡੀਗੜ੍ਹ ਹਾਈਵੇਅ ਵੱਲ ਨਿਕਲ ਆਈਆਂ। ਇਸ ਅਚਾਨਕ ਵਧੇ ਬੋਝ ਕਾਰਨ ਮੁੱਖ ਹਾਈਵੇਅ ਦੇ ਨਾਲ-ਨਾਲ ਸਰਵਿਸ ਲੇਨਾਂ ਵੀ ਪੂਰੀ ਤਰ੍ਹਾਂ ਵਾਹਨਾਂ ਨਾਲ ਭਰ ਗਈਆਂ। ਜਾਮ ਤੋਂ ਬਚਣ ਲਈ ਲੋਕਾਂ ਨੇ ਨੇੜਲੇ ਪਿੰਡਾਂ ਦੀਆਂ ਲਿੰਕ ਸੜਕਾਂ ਦਾ ਰੁਖ਼ ਕੀਤਾ, ਪਰ ਉੱਥੇ ਵੀ ਗੱਡੀਆਂ ਦੀ ਭੀੜ ਹੋਣ ਕਾਰਨ ਕਾਰਨ ਚੱਕਾ ਜਾਮ ਵਾਲੇ ਹਾਲਾਤ ਬਣ ਗਏ।
ਇਸ ਅਚਾਨਕ ਬਣੇ ਜਾਮ ਕਾਰਨ ਰੋਜ਼ਾਨਾ ਆਪਣੀਆਂ ਡਿਊਟੀਆਂ 'ਤੇ ਜਾਣ ਵਾਲੇ ਮੁਲਾਜ਼ਮਾਂ, ਸਕੂਲੀ ਬੱਚਿਆਂ ਅਤੇ ਹਸਪਤਾਲਾਂ ਵੱਲ ਜਾ ਰਹੀਆਂ ਐਂਬੂਲੈਂਸਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਮ 'ਚ ਫਸੇ ਵਾਹਨ ਚਾਲਕਾਂ ਨੇ ਦੱਸਿਆ ਕਿ ਕਈ-ਕਈ ਘੰਟੇ ਬੀਤਣ ਦੇ ਬਾਵਜੂਦ ਗੱਡੀਆਂ ਜੂੰ ਦੀ ਚਾਲ ਚੱਲ ਰਹੀਆਂ ਹਨ। ਤਾਜ਼ਾ ਸਥਿਤੀ ਇਹ ਹੈ ਕਿ ਸ਼ੰਭੂ ਬਾਰਡਰ, ਲਾਲੜੂ ਅਤੇ ਡੇਰਾਬੱਸੀ ਖੇਤਰ 'ਚ ਵਾਹਨਾਂ ਦਾ ਦਬਾਅ ਲਗਾਤਾਰ ਵਧ ਰਿਹਾ ਹੈ ਅਤੇ ਪ੍ਰਸ਼ਾਸਨ ਵਲੋਂ ਟਰੈਫ਼ਿਕ ਸੁਚਾਰੂ ਕਰਨ ਲਈ ਕੀਤੇ ਜਾ ਰਹੇ ਯਤਨ ਅਜੇ ਤੱਕ ਅਸਫ਼ਲ ਸਾਬਤ ਹੋ ਰਹੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ