JALANDHAR WEATHER

ਮੇਲੇ ਦੌਰਾਨ ਨਹਿਰ ਵਿਚ ਨਹਾਉਣ ਗਏ ਨੌਜਵਾਨ ਦੀ ਡੁੱਬਣ ਨਾਲ ਮੌਤ, ਗੋਤਾਖੋਰਾਂ ਵਲੋਂ ਭਾਲ ਜਾਰੀ

ਟਾਂਗਰਾ (ਅੰਮ੍ਰਿਤਸਰ), 21 ਜੁਲਾਈ (ਹਰਜਿੰਦਰ ਸਿੰਘ ਕਲੇਰ)- ਧੰਨ-ਧੰਨ ਬਾਬਾ ਜਵੰਦ ਸਿੰਘ ਜੀ ਦੇ ਆਗਮਨ ਗੁਰਪੁਰਬ ਮੌਕੇ ਪਿੰਡ ਭੰਗਵਾ ਵਿਖੇ ਲੱਗੇ ਜੋੜ ਮੇਲੇ ਦੌਰਾਨ ਇਕ ਦਰਦਨਾਕ ਹਾਦਸਾ ਵਾਪਰ ਗਿਆ। ਪਿੰਡ ਰਾਜਾਸਾਂਸੀ ਤੋਂ ਦਰਸ਼ਨ ਕਰਨ ਆਏ ਇਕ ਨੌਜਵਾਨ ਦੀ ਪਿੰਡ ਰਾਣਾ ਕਾਲਾ ਨੇੜੇ ਲੰਘਦੀ ਨਹਿਰ ਵਿਚ ਡੁੱਬਣ ਕਾਰਨ ਮੌਤ ਹੋਣ ਦੀ ਖ਼ਬਰ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਆਕਾਸ਼ਦੀਪ ਸਿੰਘ ਪੁੱਤਰ ਸਿਤਾਰਾ ਸਿੰਘ ਵਾਸੀ ਰਾਜਾ ਸਾਂਸੀ ਆਪਣੇ ਸਾਥੀਆਂ ਨਾਲ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਪਿੰਡ ਰਾਣਾ ਕਾਲਾ ਨੇੜੇ ਨਹਿਰ ਵਿੱਚ ਨਹਾਉਣ ਲਈ ਗਿਆ ਸੀ। ਇਸ ਦੌਰਾਨ ਸਾਰੇ ਨੌਜਵਾਨਾਂ ਨੇ ਵਾਰੀ-ਵਾਰੀ ਨਹਿਰ ਵਿਚ ਛਾਲਾਂ ਮਾਰੀਆਂ। ਜ਼ਿਆਦਾਤਰ ਨੌਜਵਾਨ ਤੈਰ ਕੇ ਸੁਰੱਖਿਅਤ ਬਾਹਰ ਆ ਗਏ, ਪਰ ਆਕਾਸ਼ਦੀਪ ਸਿੰਘ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਿਆ ਅਤੇ ਮੁੜ ਬਾਹਰ ਨਾ ਆ ਸਕਿਆ।

ਉਸ ਦੇ ਸਾਥੀਆਂ ਨੇ ਤੁਰੰਤ ਉਸ ਦੀ ਭਾਲ ਸ਼ੁਰੂ ਕੀਤੀ, ਪਰ ਹਨੇਰਾ ਹੋ ਜਾਣ ਕਾਰਨ ਕੋਈ ਸਫ਼ਲਤਾ ਨਹੀਂ ਮਿਲੀ। ਘਟਨਾ ਦੀ ਸੂਚਨਾ ਮਿਲਣ ਉਪਰੰਤ ਪੁਲਿਸ ਪ੍ਰਸ਼ਾਸਨ ਮੌਕੇ 'ਤੇ ਪਹੁੰਚਿਆ ਅਤੇ ਅੱਜ ਗੋਤਾਖੋਰਾਂ ਦੀ ਮਦਦ ਨਾਲ ਨੌਜਵਾਨ ਦੀ ਭਾਲ ਸ਼ੁਰੂ ਕਰਵਾਈ ਗਈ। ਖ਼ਬਰ ਲਿਖੇ ਜਾਣ ਤੱਕ ਗੋਤਾਖੋਰਾਂ ਨੂੰ ਨੌਜਵਾਨ ਦੀ ਲਾਸ਼ ਬਰਾਮਦ ਕਰਨ ਵਿਚ ਕੋਈ ਸਫ਼ਲਤਾ ਹਾਸਲ ਨਹੀਂ ਹੋ ਸਕੀ। ਪੁਲਿਸ ਵਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ