JALANDHAR WEATHER

ਚੰਡੀਗੜ੍ਹ ਤੋਂ ਲਿਆਂਦੀ ਨਾਜਾਇਜ਼ ਸ਼ਰਾਬ ਸਮੇਤ ਵਿਅਕਤੀ ਕਾਬੂ

ਐੱਸ.ਏ.ਐੱਸ. ਨਗਰ, 23 ਜੁਲਾਈ (ਕਪਿਲ ਵਧਵਾ) – ਆਬਕਾਰੀ ਵਿਭਾਗ ਅਤੇ ਥਾਣਾ ਫੇਜ਼-11 ਪੁਲਿਸ ਦੀ ਸਾਂਝੀ ਕਾਰਵਾਈ ਦੌਰਾਨ ਅੰਬ ਸਾਹਿਬ ਕਾਲੋਨੀ ਨੇੜੇ ਪੁਲ ਕੋਲੋਂ ਚੰਡੀਗੜ੍ਹ ਵਿਚ ਵਿਕਰੀ ਲਈ ਮਨਜ਼ੂਰ 190 ਪਊਏ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ। ਮੁਲਜ਼ਮ ਦੀ ਪਛਾਣ ਸਤਵੀਰ ਸਿੰਘ (32) ਵਾਸੀ ਹੱਲੋਮਾਜਰਾ, ਚੰਡੀਗੜ੍ਹ ਵਜੋਂ ਹੋਈ ਹੈ। ਐਕਸਾਈਜ਼ ਇੰਸਪੈਕਟਰ ਕਰਨਦੀਪ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਮਿਲੀ ਸੀ ਕਿ ਇਕ ਵਿਅਕਤੀ ਚੰਡੀਗੜ੍ਹ ਤੋਂ ਵੱਡੀ ਮਾਤਰਾ ਵਿਚ ਸ਼ਰਾਬ ਲਿਆ ਕੇ ਅੰਬ ਸਾਹਿਬ ਕਾਲੋਨੀ ਨੇੜੇ ਗੈਰ-ਕਾਨੂੰਨੀ ਢੰਗ ਨਾਲ ਵੇਚ ਰਿਹਾ ਹੈ। ਸੂਚਨਾ ਦੇ ਆਧਾਰ 'ਤੇ ਆਬਕਾਰੀ ਟੀਮ ਨੇ ਫੇਜ਼-11 ਪੁਲਿਸ ਨਾਲ ਮਿਲ ਕੇ ਛਾਪੇਮਾਰੀ ਕੀਤੀ। ਇਸ ਦੌਰਾਨ ਮੌਕੇ 'ਤੇ ਇਕ ਵਿਅਕਤੀ ਕਾਲੇ ਰੰਗ ਦਾ ਪਿੱਠੂ ਬੈਗ ਲੈ ਕੇ ਖੜ੍ਹਾ ਮਿਲਿਆ, ਜੋ ਪੁਲਿਸ ਨੂੰ ਦੇਖ ਕੇ ਘਬਰਾ ਗਿਆ। ਸ਼ੱਕ ਦੇ ਆਧਾਰ 'ਤੇ ਉਸ ਦੀ ਤਲਾਸ਼ੀ ਲਈ ਗਈ ਤਾਂ ਬੈਗ ਵਿਚੋਂ 190 ਪਊਏ 'ਰਾਇਲ ਜਨਰਲ ਪ੍ਰੀਮੀਅਮ ਬਲੈਂਡਡ ਵਿਸਕੀ' (180 ਮਿ.ਲੀ.) ਬਰਾਮਦ ਹੋਏ, ਜਿਨ੍ਹਾਂ 'ਤੇ "ਸਿਰਫ਼ ਚੰਡੀਗੜ੍ਹ ਵਿਚ ਵਿਕਰੀ ਲਈ" ਲਿਖਿਆ ਹੋਇਆ ਸੀ। ਪੁੱਛਗਿੱਛ ਦੌਰਾਨ ਮੁਲਜ਼ਮ ਬਰਾਮਦ ਸ਼ਰਾਬ ਸਬੰਧੀ ਕੋਈ ਵੀ ਵੈਧ ਪਰਮਿਟ ਜਾਂ ਪਾਸ ਪੇਸ਼ ਨਹੀਂ ਕਰ ਸਕਿਆ। ਇਸ ਤੋਂ ਬਾਅਦ ਸ਼ਰਾਬ ਨੂੰ ਕਬਜ਼ੇ ਵਿਚ ਲੈ ਕੇ ਮੁਲਜ਼ਮ ਖ਼ਿਲਾਫ਼ ਥਾਣਾ ਫੇਜ਼-11 ਵਿਚ 22 ਜੁਲਾਈ ਨੂੰ ਪੰਜਾਬ ਆਬਕਾਰੀ ਐਕਟ ਦੀ ਧਾਰਾ 61-1-14 ਤਹਿਤ ਕੇਸ ਦਰਜ ਕਰ ਲਿਆ ਗਿਆ। ਪੁਲਿਸ ਵਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਆਬਕਾਰੀ ਵਿਭਾਗ ਅਤੇ ਫੇਜ਼-11 ਪੁਲਿਸ ਨੇ ਸਾਂਝੀ ਕਾਰਵਾਈ ਕਰਦਿਆਂ ਇਕ ਸਵਿਫਟ ਕਾਰ ਸਵਾਰ ਦੋ ਨੌਜਵਾਨਾਂ ਹਰਭਜਨ ਸਿੰਘ ਅਤੇ ਮਨਪ੍ਰੀਤ ਸਿੰਘ ਨੂੰ ਕਾਬੂ ਕੀਤਾ ਸੀ। ਕਾਰ ਦੀ ਡਿੱਕੀ ਦੀ ਤਲਾਸ਼ੀ ਦੌਰਾਨ 84 ਬੋਤਲਾਂ ਦੇਸੀ ਸ਼ਰਾਬ ਬਰਾਮਦ ਹੋਈਆਂ ਸਨ। ਇਸ ਮਾਮਲੇ ਵਿਚ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੋਂ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਤਹਿਤ ਜੇਲ੍ਹ ਭੇਜ ਦਿੱਤਾ ਗਿਆ ਸੀ। ਆਬਕਾਰੀ ਅਤੇ ਕਰ ਸਹਾਇਕ ਕਮਿਸ਼ਨਰ ਅਸ਼ੋਕ ਚਲੋਤਰਾ ਨੇ ਕਿਹਾ ਕਿ ਗੈਰ-ਕਾਨੂੰਨੀ ਸ਼ਰਾਬ ਦੇ ਧੰਦੇ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਰਾਬ ਦੀ ਤਸਕਰੀ ਅਤੇ ਨਾਜਾਇਜ਼ ਵਿਕਰੀ ਵਿਚ ਸ਼ਾਮਿਲ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਜਾਰੀ ਰਹੇਗੀ। ਉਨ੍ਹਾਂ ਸ਼ਰਾਬ ਤਸਕਰਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਅਜਿਹੀਆਂ ਗੈਰ-ਕਾਨੂੰਨੀ ਗਤੀਵਿਧੀਆਂ ਤੋਂ ਤੁਰੰਤ ਤੌਬਾ ਕਰ ਲੈਣ, ਨਹੀਂ ਤਾਂ ਆਬਕਾਰੀ ਵਿਭਾਗ ਅਤੇ ਪੁਲਿਸ ਦੀਆਂ ਸਾਂਝੀਆਂ ਮੁਹਿੰਮਾਂ ਹੋਰ ਤੇਜ਼ ਕੀਤੀਆਂ ਜਾਣਗੀਆਂ ਅਤੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨਾਲ ਕਿਸੇ ਵੀ ਤਰ੍ਹਾਂ ਦੀ ਨਰਮੀ ਨਹੀਂ ਵਰਤੀ ਜਾਵੇਗੀ। ਨਾਲ ਹੀ ਉਨ੍ਹਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਕਿਸੇ ਇਲਾਕੇ ਵਿੱਚ ਨਾਜਾਇਜ਼ ਸ਼ਰਾਬ ਦੀ ਵਿਕਰੀ ਜਾਂ ਤਸਕਰੀ ਸੰਬੰਧੀ ਕੋਈ ਜਾਣਕਾਰੀ ਹੋਵੇ ਤਾਂ ਤੁਰੰਤ ਆਬਕਾਰੀ ਵਿਭਾਗ ਜਾਂ ਪੁਲਿਸ ਨੂੰ ਸੂਚਿਤ ਕਰਨ, ਤਾਂ ਜੋ ਸਮੇਂ ਸਿਰ ਕਾਰਵਾਈ ਕੀਤੀ ਜਾ ਸਕੇ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ