24 ਵਰ੍ਹਿਆਂ ਦੇ ਭਤੀਜੇ ਦਾ ਸਕੇ ਤਾਏ ਨੇ ਕੀਤਾ ਕਤਲ
ਬਾਲਿਆਂਵਾਲੀ,(ਬਠਿੰਡਾ), 24 (ਕੁਲਦੀਪ ਮਤਵਾਲਾ)- ਜ਼ਿਲ੍ਹਾ ਬਠਿੰਡਾ ਦੇ ਪਿੰਡ ਡਿੱਖ ਵਿਖੇ ਸਕੇ ਤਾਏ ਨੇ ਆਪਣੇ ਭਤੀਜੇ ਅਕਾਸ਼ਦੀਪ ਸਿੰਘ (24) ਪੁੱਤਰ ਹਰਮੰਦਰ ਸਿੰਘ ਵਾਸੀ ਦਾ ਨਲਕੇ ਦੀ ਹੱਥੀ ਨਾਲ ਸਿਰ ’ਚ ਕਈ ਵਾਰ ਕਰਕੇ ਬੇ-ਰਹਿਮੀ ਨਾਲ ਕਤਲ ਕੀਤੇ ਜਾਣ ਦੀ ਖ਼ਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਪਰਿਵਾਰ ਦਾ ਪਿਛਲੇ ਕਾਫ਼ੀ ਸਮੇਂ ਤੋਂ ਜ਼ਮੀਨ ਤੇ ਪਾਣੀ ਲਗਾਉਣ ਕਰਕੇ ਝਗੜਾ ਚੱਲ ਰਿਹਾ ਸੀ। ਜਿਸ ਸੰਬੰਧੀ ਮ੍ਰਿਤਕ ਆਕਾਸ਼ਦੀਪ ਸਿੰਘ ਦੇ ਪਰਿਵਾਰ ਨੇ ਇਨਸਾਫ਼ ਲੈਣ ਲਈ ਪ੍ਰਸ਼ਾਸਨ ਨੂੰ ਬਹੁਤ ਦਰਖ਼ਾਸਤਾਂ ਦਿੱਤੀਆਂ ਸਨ ਪਰ ਕੋਈ ਮਸਲਾ ਹੱਲ ਨਾ ਹੋਇਆ। ਪ੍ਰਸ਼ਾਸਨ ਦੀ ਢਿੱਲ ਕਾਰਨ ਕਰਕੇ ਅੱਜ ਸਵੇਰੇ 24 ਵਰ੍ਹਿਆਂ ਦੇ ਵਿਆਹੇ ਨੌਜਵਾਨ ਆਕਾਸ਼ਦੀਪ ਸਿੰਘ ਦੀ ਮੌਤ ਦਾ ਕਾਰਨ ਬਣ ਗਿਆ। ਅੱਜ ਸਵੇਰੇ ਆਪਣੀ ਪਾਣੀ ਦੀ ਬਾਰੀ ਹੋਣ ਕਰਕੇ ਆਕਾਸ਼ਦੀਪ ਸਿੰਘ ਤੇ ਉਸ ਦਾ ਪਿਤਾ ਹਰਮਿੰਦਰ ਸਿੰਘ ਪਾਣੀ ਲਗਾਉਣ ਲਈ ਖੇਤ ਗਏ ਸਨ। ਜਿਥੇ ਦੋਵਾਂ ਧਿਰਾਂ ਦੀ ਲੜਾਈ ਹੋ ਗਈ ਅਤੇ ਕਥਿਤ ਦੋਸ਼ੀ ਕੁਲਵੰਤ ਸਿੰਘ ਪੁੱਤਰ ਹਰਫੂਲ ਨੇ ਆਕਾਸ਼ਦੀਪ ਦੇ ਸਿਰ ਵਿਚ 5-6 ਲੋਹੇ ਦੀਆਂ ਹੱਥੀਆਂ ਮਾਰੀਆਂ ਜਦਕਿ ਬਚਾਅ ਵਿਚ ਆਏ ਆਕਾਸ਼ਦੀਪ ਸਿੰਘ ਦੇ ਪਿਤਾ ਦੇ ਵੀ ਗੰਭੀਰ ਸੱਟਾਂ ਲੱਗੀਆਂ ਹਨ, ਜਿਨ੍ਹਾਂ ਨੂੰ ਹੋਰ ਲੋਕਾਂ ਦੀ ਮਦਦ ਨਾਲ ਸਰਕਾਰੀ ਹਸਪਤਾਲ ਰਾਮਪੁਰਾ ਵਿਖੇ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਆਕਾਸ਼ਦੀਪ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਦਕਿ ਉਸਦਾ ਪਿਤਾ ਜ਼ੇਰੇ ਇਲਾਜ ਹੈ। ਇਸ ਸੰਬੰਧੀ ਪੁਲਿਸ ਥਾਣਾ ਬਾਲਿਆਂਵਾਲੀ ਵਲੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਕਲਮਬੱਧ ਕੀਤੇ ਜਾ ਰਹੇ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਕਰੀਬ ਢਾਈ-ਤਿੰਨ ਸਾਲ ਪਹਿਲਾਂ ਆਕਾਸ਼ਦੀਪ ਸਿੰਘ ਦਾ ਵਿਆਹ ਹੋਇਆ ਸੀ ਅਤੇ ਉਸ ਦੀ ਇਕ ਸਾਲ ਦੀ ਮਾਸੂਮ ਧੀ ਵੀ ਹੈ।
;
;
;
;
;
;
;
;