ਅੰਤਰਰਾਸ਼ਟਰੀ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਹੋਇਆ ਧੁੰਦਲਾ, ਨਹੀਂ ਜਾਰੀ ਕੀਤੇ ਵਰਕ ਪਰਮਿਟ
ਕੈਲਗਰੀ, 24 ਜੁਲਾਈ (ਜਸਜੀਤ ਸਿੰਘ ਧਾਮੀ)- ਇਹ ਵਿਦਿਆਰਥੀ ਕੋਈ 2022 ਤੋਂ ਲੈ ਕੇ 2024 ਤੱਕ ਕੈਲਗਰੀ ਵਿਚ ਪ੍ਰਾਈਵੇਟ ਕਾਲਜ ਵਿਚ ਦਾਖਲਾ ਲੈ ਕੇ ਆਪਣਾ ਭਵਿੱਖ ਸੁਧਾਰਨ ਲਈ ਆਏ ਸਨ। ਆਪਣੀ ਸਾਰੀ ਪੜ੍ਹਾਈ ਪੂਰੀ ਹੋਣ ਦੇ ਬਾਵਜੂਦ ਇਹ ਵਿਦਿਆਰਥੀ ਅੱਜ ਆਪਣਾ ਵਰਕ ਪਰਮਿਟ ਨਾ ਮਿਲਣ ਕਰਕੇ ਸੜਕਾਂ ’ਤੇ ਉੱਤਰ ਆਏ ਹਨ। ਮਿਲੀ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਤਕਰੀਬਨ 1000 ਹਜ਼ਾਰ ਦੇ ਕਰੀਬ ਬੱਚਿਆ ਦਾ ਭਵਿੱਖ ਖਤਰੇ ਵਿਚ ਹੈ, ਜਿਨ੍ਹਾਂ ਨੂੰ ਵਰਕ ਪਰਮਿਟ ਜਾਰੀ ਨਹੀਂ ਹੋਇਆ ਹੈ। ਕੁੱਝ ਬੱਚੇ ਹਨ, ਜਿਨ੍ਹਾਂ ਨੂੰ ਵਰਕ ਪਰਮਿਟ ਜਾਰੀ ਹੋ ਚੁੱਕੇ ਹਨ। ਬੱਚਿਆ ਵਿਚ ਰੋਸ ਹੈ ਕਿ ਸਾਰੇ ਬੱਚਿਆਂ ਨੇ ਇਕੱਠੇ ਹੀ ਕਾਲਜ ਵਿਚ ਪੜਾਈ ਕੀਤੀ ਹੈ, ਫਿਰ ਨਾਲ ਦੇ ਬੱਚਿਆਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਿਉਂ ਕੀਤਾ ਗਿਆ ਹੈ। ਬੇਸ਼ੱਕ 90 ਦਿਨ ਦੁਬਾਰਾ ਫਾਈਲ ਲਗਾਉਣ ਵਾਸਤੇ ਦਿੱਤੇ ਜਾਂਦੇ ਹਨ ਪਰ ਉਸ ਵਿਚ ਵੀ ਕੋਈ ਪੱਕਾ ਨਹੀਂ ਕਿ ਉਨ੍ਹਾਂ ਬੱਚਿਆ ਨੂੰ ਵਰਕ ਪਰਮਿਟ ਜਾਰੀ ਕੀਤਾ ਜਾ ਸਕੇ। ਇਹ ਇਕੱਲਾ ਕੈਲਗਰੀ ਸ਼ਹਿਰ ਦਾ ਹੁਣ ਮਸਲਾ ਨਹੀਂ ਰਹਿ ਗਿਆ ਹੁਣ ਨਾਲ ਲੱਗਦੇ ਸ਼ਹਿਰ ਐਡਮਿੰਟਨ ਵਿਚ ਵੀ ਬੱਚਿਆ ਨਾਲ ਇਸ ਤਰ੍ਹਾਂ ਹੀ ਹੋਇਆ ਹੈ। ਬੇਸ਼ੱਕ ਕੁੱਝ ਕਮਿਉਨਟੀ ਦੇ ਲੋਕ ਬੱਚਿਆਂ ਨੂੰ ਸਹਿਯੋਗ ਦੇਣ ਵਾਸਤੇ ਪਹੁੰਚ ਰਹੇ ਹਨ। ਪਰ ਅਜੇ ਤੱਕ ਕੋਈ ਵੀ ਪੰਜਾਬੀ ਕਮਿਉਨਿਟੀ ਦਾ ਚੁਣਿਆ ਹੋਇਆ ਨੁਮਾਇੰਦਾ ਜਿਵੇਂ ਕਿ ਵਿਧਾਇਕ,ਕੌਂਸਲਰ ਅਤੇ ਸੰਸਦ ਮੈਂਬਰ ਨਹੀ ਪਹੁੰਚਿਆ। ਅੱਜ ਦੇਰ ਸ਼ਾਮ ਵੇਲੇ ਬੱਚਿਆਂ ਵਲੋਂ ਪੰਜਾਬੀ ਕਮਿਉਨਟੀ ਦੀ ਸੰਘਣੀ ਵਸੋਂ ਵਾਲੇ ਇਲਾਕੇ ਨੌਰਥ ਈਸਟ ਵਿਚ ਭੁੱਖ ਹੜਤਾਲ ’ਤੇ ਬੱਚੇ ਬੈਠ ਗਏ ਹਨ। ਬੱਚਿਆਂ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਦੱਸਿਆ ਕਿ ਅਜੇ ਇਹ ਨਹੀਂ ਦੱਸਿਆ ਜਾ ਸਕਦਾ ਕਿ ਇਹ ਭੁੱਖ ਹੜਤਾਲ ਧਰਨਾ ਕਿੰਨੇ ਦਿਨ ਚੱਲੇਗਾ। ਖਬਰ ਲਿਖਣ ਤੱਕ ਬੱਚਿਆਂ ਨੇ ਕੋਈ ਵੀ ਬਿਆਨ ਜਾਰੀ ਕਰਨ ਤੋ ਗੁਰੇਜ਼ ਕੀਤਾ ਹੈ।
;
;
;
;
;
;
;
;