ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦਲਵਿੰਦਰਜੀਤ ਸਿੰਘ ਵਲੋਂ ਰਾਵੀ ਦਰਿਆ ਅਤੇ ਸੱਕੀ ਨਾਲੇ ਨਾਲ ਲੱਗਦੇ ਖੇਤਰਾਂ ਦਾ ਦੌਰਾ
ਅਜਨਾਲਾ/ਗੱਗੋਮਾਹਲ/ਰਮਦਾਸ 25 ਜੁਲਾਈ ( ਗੁਰਪ੍ਰੀਤ ਸਿੰਘ ਢਿੱਲੋ/ ਬਲਵਿੰਦਰ ਸਿੰਘ ਸੰਧੂ/ਜਸਵੰਤ ਸਿੰਘ ਵਾਹਲਾ)- ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦਲਵਿੰਦਰਜੀਤ ਸਿੰਘ ਨੇ ਅੱਜ ਪ੍ਰਸ਼ਾਸਨਿਕ ਅਧਿਕਾਰੀਆਂ, ਡਰੇਨਜ਼ ਵਿਭਾਗ ਅਤੇ ਪੰਜਾਬ ਮੰਡੀ ਬੋਰਡ ਦੇ ਅਧਿਕਾਰੀਆਂ ਨਾਲ ਰਾਵੀ ਦਰਿਆ ਅਤੇ ਸੱਕੀ ਨਾਲੇ ਨਾਲ ਲੱਗਦੇ ਸੰਵੇਦਨਸ਼ੀਲ ਖੇਤਰਾਂ ਦਾ ਦੌਰਾ ਕਰਕੇ ਹੜ੍ਹ ਰੋਕੂ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਹਲਕਾ ਅਜਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਦੇ ਸਪੁੱਤਰ ਖੁਸ਼ਪਾਲ ਸਿੰਘ ਧਾਲੀਵਾਲ ਵੀ ਉਹਨਾਂ ਦੇ ਨਾਲ ਸਨ I ਇਸ ਦੌਰਾਨ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨੇ ਸਰਹੱਦੀ ਖੇਤਰ ਵਿਚ ਸਥਿਤ ਬੀ.ਐੱਸ.ਐੱਫ. ਦੀਆਂ ਸੁਰੱਖਿਆ ਚੌਂਕੀਆਂ ਬੀ.ਓ.ਪੀ. ਧਰਮ ਪ੍ਰਕਾਸ਼ ਅਤੇ ਸ਼ਾਹਪੁਰ ਵਿਖੇ ਬਣਾਏ ਜਾ ਰਹੇ ਸ਼ਪੱਰਾਂ ਦੇ ਨਿਰਮਾਣ ਕਾਰਜਾਂ ਦਾ ਨਿਰੀਖਣ ਕੀਤਾ ਅਤੇ ਅਧਿਕਾਰੀਆਂ ਨੂੰ ਇਨ੍ਹਾਂ ਕੰਮਾਂ ਨੂੰ ਜੰਗੀ ਪੱਧਰ 'ਤੇ ਜਲਦ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ।
ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨੇ ਰਾਵੀ ਦਰਿਆ ਅਤੇ ਸੱਕੀ ਨਾਲੇ ਦੇ ਪਾਣੀ ਦੇ ਪੱਧਰ ਦਾ ਵੀ ਮੁਆਇਨਾ ਕੀਤਾ। ਉਨ੍ਹਾਂ ਕਿਹਾ ਕਿ ਰਾਵੀ ਦਰਿਆ ਦਾ ਪਾਣੀ ਆਪਣੀ ਸੀਮਾ ਅੰਦਰ ਵਹਿ ਰਿਹਾ ਹੈ ਅਤੇ ਜ਼ਿਲ੍ਹੇ ਵਿੱਚ ਹੜ੍ਹ ਵਰਗੀ ਕੋਈ ਸਥਿਤੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਜੰਮੂ ਖੇਤਰ ਦੇ ਪਹਾੜੀ ਇਲਾਕਿਆਂ ਵਿੱਚ ਹੋਈ ਭਾਰੀ ਬਾਰਿਸ਼ ਕਾਰਨ ਦਰਿਆ ਉੱਜ ਰਾਹੀਂ ਕੁੱਝ ਵਾਧੂ ਪਾਣੀ ਰਾਵੀ ਵਿੱਚ ਆਇਆ ਸੀ, ਜਿਸ ਕਾਰਨ ਪਾਣੀ ਦਾ ਪੱਧਰ ਕੁੱਝ ਵਧਿਆ, ਪਰ ਇਸ ਵੇਲੇ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸੱਕੀ ਨਾਲੇ ਅਤੇ ਬਿਆਸ ਦਰਿਆ ਵਿੱਚ ਵੀ ਪਾਣੀ ਦਾ ਪੱਧਰ ਸੁਰੱਖਿਅਤ ਹੱਦਾਂ ਅੰਦਰ ਹੈ। ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨੇ ਪੰਜਾਬ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਪੇਂਡੂ ਸੰਪਰਕ ਸੜਕਾਂ 'ਤੇ ਬਣੀਆਂ ਸਾਰੀਆਂ ਪੁੱਲੀਆਂ ਦੀ ਤੁਰੰਤ ਸਫ਼ਾਈ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਤਾਂ ਜੋ ਬਰਸਾਤੀ ਪਾਣੀ ਦੇ ਕੁਦਰਤੀ ਵਹਾਅ ਵਿੱਚ ਕਿਸੇ ਤਰ੍ਹਾਂ ਦੀ ਰੁਕਾਵਟ ਨਾ ਆਵੇ।
ਇਸ ਦੇ ਨਾਲ ਹੀ ਉਨ੍ਹਾਂ ਡਰੇਨਜ਼ ਵਿਭਾਗ ਨੂੰ ਸਾਰੇ ਨਾਲਿਆਂ ਵਿੱਚ ਪਾਣੀ ਦੀ ਨਿਰਵਿਘਨ ਨਿਕਾਸੀ ਯਕੀਨੀ ਬਣਾਉਣ ਲਈ ਲਗਾਤਾਰ ਨਿਗਰਾਨੀ ਰੱਖਣ ਲਈ ਕਿਹਾ। ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨੇ ਜ਼ਿਲ੍ਹਾ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਰਾਵੀ ਦਰਿਆ ਅਤੇ ਸੱਕੀ ਨਾਲੇ ਦੀ ਸਥਿਤੀ 'ਤੇ ਪ੍ਰਸ਼ਾਸਨ ਵੱਲੋਂ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਅਤੇ ਹੜ੍ਹਾਂ ਦਾ ਕੋਈ ਖ਼ਤਰਾ ਨਹੀਂ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਰਣਜੀਤ ਸਾਗਰ ਡੈਮ ਪ੍ਰਬੰਧਨ ਅਤੇ ਦਰਿਆ ਉੱਜ ਦੇ ਬੈਰਾਜ ਅਧਿਕਾਰੀਆਂ ਨਾਲ ਨਿਰੰਤਰ ਸੰਪਰਕ ਵਿੱਚ ਹੈ ਅਤੇ ਕਿਸੇ ਵੀ ਸੰਭਾਵਿਤ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀਮਤੀ ਪੱਲਵੀ ਮਿਸ਼ਰਾ, ਐੱਸ.ਡੀ.ਐੱਮ. ਅਜਨਾਲਾ ਡਾ: ਚਾਰੂਮਿਤਾ, ਜ਼ਿਲ੍ਹਾ ਮਾਲ ਅਫ਼ਸਰ ਨਵਕੀਰਤ ਸਿੰਘ ਰੰਧਾਵਾ, ਤਹਿਸੀਲਦਾਰ ਅਜਨਾਲਾ ਜਗਸੀਰ ਸਿੰਘ ਮਿੱਤਲ, ਐਸ.ਡੀ.ਓ ਸਰਬਜੀਤ ਸਿੰਘ, ਐਸ.ਐਚ.ਓ ਨਰਿੰਦਰ ਸਿੰਘ, ਮਾਰਕੀਟ ਕਮੇਟੀ ਅਜਨਾਲਾ ਦੇ ਚੇਅਰਮੈਨ ਰਾਜਵਿੰਦਰ ਸਿੰਘ ਰਾਜੂ, ਚੇਅਰਮੈਨ ਪ੍ਰਿਥਵੀਪਾਲ ਸਿੰਘ ਘੋਨੇਵਾਲਾ, ਰਮਦਾਸ ਸ਼ਹਿਰੀ ਪ੍ਰਧਾਨ ਹਰਪਾਲ ਸਿੰਘ ਸਿੰਧੀ, ਸਰਪੰਚ ਸੰਤੋਖ ਸਿੰਘ ਕੋਟ ਗੁਰਬਖਸ ਅਤੇ ਪ੍ਰਧਾਨ ਸੰਦੀਪ ਸਿੰਘ ਖਹਿਰਾ ਤੋਂ ਇਲਾਵਾ ਪੰਜਾਬ ਮੰਡੀ ਬੋਰਡ ਅਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
;
;
;
;
;
;
;
;