JALANDHAR WEATHER

ਵਰਜੀਨੀਆ ਦੇ ਗੁਰਦੁਆਰਾ ਦਸਮੇਸ਼ ਦਰਬਾਰ ਨੂੰ ਭਿਆਨਕ ਅੱਗ, ਪਾਵਨ ਸਰੂਪ ਅਗਨ ਭੇਟ

ਐਡੀਲੇਡ ਆਸਟ੍ਰੇਲੀਆ), 27 ਜੁਲਾਈ (ਗੁਰਮੀਤ ਸਿੰਘ ਵਾਲੀਆ) - ਦੱਖਣੀ ਆਸਟ੍ਰੇਲੀਆ ਦੇ ਉੱਤਰੀ ਇਲਾਕੇ ਵਰਜੀਨੀਆ ਵਿਖੇ ਸਥਿਤ ਗੁਰਦੁਆਰਾ ਦਸਮੇਸ਼ ਦਰਬਾਰ ਨੂੰ ਐਤਵਾਰ ਰਾਤ ਲੱਗੀ ਭਿਆਨਕ ਅੱਗ ਕਾਰਨ ਗੁਰਦੁਆਰਾ ਸਾਹਿਬ ਦੀ ਇਮਾਰਤ ਲਗਭਗ ਪੂਰੀ ਤਰ੍ਹਾਂ ਤਬਾਹ ਹੋ ਗਈ।
ਇਸ ਦੁਖਦਾਈ ਘਟਨਾ ਦੌਰਾਨ ਚਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨ ਭੇਟ ਹੋ ਗਏ, ਜਿਸ ਨਾਲ ਸਮੁੱਚੀ ਸਿੱਖ ਸੰਗਤ ਵਿਚ ਗਹਿਰੇ ਦੁੱਖ ਅਤੇ ਸੋਗ ਦੀ ਲਹਿਰ ਦੌੜ ਗਈ ਹੈ।ਮਿਲੀ ਜਾਣਕਾਰੀ ਅਨੁਸਾਰ ਐਤਵਾਰ ਰਾਤ ਕਰੀਬ 10 ਵਜੇ ਗੁਰਦੁਆਰਾ ਸਾਹਿਬ ਵਿਚ ਅਚਾਨਕ ਅੱਗ ਲੱਗ ਗਈ। ਕੁਝ ਹੀ ਮਿੰਟਾਂ ਵਿਚ ਅੱਗ ਨੇ ਪੂਰੀ ਇਮਾਰਤ ਨੂੰ ਆਪਣੀ ਲਪੇਟ ਵਿਚ ਲੈ ਲਿਆ ਅਤੇ ਅੰਦਰੋਂ ਧਮਾਕਿਆਂ ਦੀਆਂ ਆਵਾਜ਼ਾਂ ਵੀ ਸੁਣੀਆਂ ਗਈਆਂ। ਸੂਚਨਾ ਮਿਲਦੇ ਹੀ ਮੈਟਰੋਪੋਲੀਟਨ ਫਾਇਰ ਸਰਵਿਸ ਅਤੇ ਕੰਟਰੀ ਫਾਇਰ ਸਰਵਿਸ ਦੇ ਕਰੀਬ 60 ਫਾਇਰਫਾਈਟਰ ਅੱਗ ਬੁਝਾਊ ਗੱਡੀਆਂ ਸਮੇਤ ਮੌਕੇ ’ਤੇ ਪਹੁੰਚੇ ਅਤੇ ਕਈ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਫਾਇਰਫਾਈਟਰਾਂ ਨੇ ਸਮੇਂ ਸਿਰ ਕਾਰਵਾਈ ਕਰਦਿਆਂ ਅੱਗ ਨੂੰ ਨੇੜਲੀਆਂ ਜਾਇਦਾਦਾਂ ਤੱਕ ਫੈਲਣ ਤੋਂ ਵੀ ਰੋਕ ਲਿਆ।ਅੱਗ ਦੀ ਤੀਬਰਤਾ ਕਾਰਨ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਵੱਡਾ ਹਿੱਸਾ ਢਹਿ ਗਿਆ।
ਘਟਨਾ ਤੋਂ ਬਾਅਦ ਵਰਜੀਨੀਆ ਟਾਊਨਸ਼ਿਪ, ਓਲਡ ਪੋਰਟ ਵੇਕਫੀਲਡ ਰੋਡ, ਸ਼ੀਡੀ ਰੋਡ, ਪੋਰਟ ਵੇਕਫੀਲਡ ਹਾਈਵੇ, ਜੂਨੀਪਰ ਬੁਲੇਵਾਰਡ ਅਤੇ ਪੇਨਫੀਲਡ ਰੋਡ ਸਮੇਤ ਆਲੇ-ਦੁਆਲੇ ਦੇ ਇਲਾਕਿਆਂ ਲਈ ਧੂੰਏਂ ਸਬੰਧੀ ਚਿਤਾਵਨੀ ਵੀ ਜਾਰੀ ਕੀਤੀ ਗਈ।ਗੁਰਦੁਆਰਾ ਦਸਮੇਸ਼ ਦਰਬਾਰ ਆਪਣੀਆਂ ਸਮਾਜ ਸੇਵੀ ਗਤੀਵਿਧੀਆਂ ਕਰਕੇ ਦੱਖਣੀ ਆਸਟ੍ਰੇਲੀਆ ਵਿਚ ਵਿਸ਼ੇਸ਼ ਪਛਾਣ ਰੱਖਦਾ ਹੈ।ਇੱਥੇ ਹਰ ਰੋਜ਼ ਚੱਲਣ ਵਾਲੇ ਲੰਗਰ ਰਾਹੀਂ ਸੈਂਕੜਿਆਂ ਲੋੜਵੰਦਾਂ ਨੂੰ ਭੋਜਨ ਮੁਹੱਈਆ ਕਰਵਾਇਆ ਜਾਂਦਾ ਹੈ। ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਵੱਲੋਂ ਵੱਖ-ਵੱਖ ਚੈਰੀਟੇਬਲ ਅਤੇ ਕਮਿਊਨਿਟੀ ਸੇਵਾ ਪ੍ਰੋਗਰਾਮ ਵੀ ਚਲਾਏ ਜਾਂਦੇ ਹਨ, ਜਿਨ੍ਹਾਂ ਦਾ ਲਾਭ ਵੱਡੀ ਗਿਣਤੀ ਵਿਚ ਲੋਕ ਲੈਂਦੇ ਹਨ।
ਦੱਖਣੀ ਆਸਟ੍ਰੇਲੀਆ ਪੁਲਿਸ ਅਤੇ ਅੱਗ ਜਾਂਚ ਮਾਹਿਰਾਂ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।ਅਧਿਕਾਰੀਆਂ ਵਲੋਂ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਜਾਂਚ ਮੁਕੰਮਲ ਹੋਣ ਤੱਕ ਅੱਗ ਦੇ ਕਾਰਨਾਂ ਬਾਰੇ ਕੋਈ ਅੰਤਿਮ ਟਿੱਪਣੀ ਨਹੀਂ ਕੀਤੀ ਗਈ।ਇਸ ਮੰਦਭਾਗੀ ਘਟਨਾ ’ਤੇ ਆਸਟ੍ਰੇਲੀਆ ਭਰ ਦੀਆਂ ਸਿੱਖ ਅਤੇ ਸਮਾਜਿਕ ਜਥੇਬੰਦੀਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤ ਨਾਲ ਹਮਦਰਦੀ ਜਤਾਈ ਹੈ। ਸੰਗਤ ਵਲੋਂ ਗੁਰਦੁਆਰਾ ਸਾਹਿਬ ਦੇ ਮੁੜ ਨਿਰਮਾਣ ਲਈ ਹਰ ਸੰਭਵ ਸਹਿਯੋਗ ਦੇਣ ਦਾ ਵੀ ਭਰੋਸਾ ਦਿੱਤਾ ਜਾ ਰਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ