ਸਫ਼ਾਈ ਸੇਵਕ ਯੂਨੀਅਨ ਦੇ ਬੰਦ ਸੱਦੇ ਨੂੰ ਡੇਰਾ ਬਾਬਾ ਨਾਨਕ ’ਚ ਭਰਵਾਂ ਹੁੰਗਾਰਾ
ਡੇਰਾ ਬਾਬਾ ਨਾਨਕ, (ਗੁਰਦਾਸਪੁਰ), 30 ਜੁਲਾਈ (ਹੀਰਾ ਸਿੰਘ ਮਾਂਗਟ)- ਸਫ਼ਾਈ ਸੇਵਕ ਯੂਨੀਅਨ ਪੰਜਾਬ ਵਲੋਂ ਦਿੱਤੇ ਗਏ ਬੰਦ ਦੇ ਸੱਦੇ ਨੂੰ ਅੱਜ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ’ਚ ਭਰਵਾਂ ਹੁੰਗਾਰਾ ਵੇਖਣ ਨੂੰ ਮਿਲਿਆ। ਇਸ ਬੰਦ ਦੇ ਸੱਦੇ ਮੌਕੇ ਮੈਡੀਕਲ ਸਹੂਲਤਾਂ ਛੱਡ ਕੇ ਕਸਬੇ ਦੀਆਂ ਸਮੂਹ ਦੁਕਾਨਾਂ ਬੰਦ ਰਹੀਆਂ। ਬਾਜ਼ਾਰਾਂ ਵਿਚ ਵੀ ਸੁਨਸਾਨ ਛਾਈ ਰਹੀ। ਇਸ ਮੌਕੇ ਸਫਾਈ ਸੇਵਕਾਂ ਵਲੋਂ ਕਸਬੇ ਦੇ ਵੱਖ-ਵੱਖ ਬਜ਼ਾਰਾਂ ਵਿਚ ਰੋਸ ਮਾਰਚ ਕੱਢਿਆ ਗਿਆ ਤੇ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਸਫਾਈ ਸੇਵਕ ਯੂਨੀਅਨ ਡੇਰਾ ਬਾਬਾ ਨਾਨਕ ਦੇ ਪ੍ਰਧਾਨ ਪ੍ਰੇਮ ਨਾਥ ਨੇ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਸਾਡੇ ਬੰਦ ਦੇ ਸੱਦੇ ਦੀ ਹਮਾਇਤ ਕਰਦਿਆਂ ਹੋਇਆਂ ਡੇਰਾ ਬਾਬਾ ਨਾਨਕ ਤੇ ਸਮੂਹ ਵਾਸੀਆਂ ਵਲੋਂ ਆਪਣੇ ਕਾਰੋਬਾਰ ਬੰਦ ਰੱਖ ਕੇ ਸਾਨੂੰ ਭਰਵਾਂ ਹੁੰਗਾਰਾ ਦਿੱਤਾ ਹੈ ਇਸ ਲਈ ਅਸੀਂ ਸਮੂਹ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦੇ ਹਾਂ। ਉਨ੍ਹਾਂ ਸਰਕਾਰ ਕੋਲੋਂ ਮੰਗ ਕੀਤੀ ਕਿ ਸਾਡੀਆਂ ਮੰਗਾਂ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ ਨਹੀਂ ਤੇ ਇਸ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
;
;
;
;
;
;
;
;