JALANDHAR WEATHER

ਰਾਮਾਂ ਮੰਡੀ ਵਿਚ ਪੰਜਾਬ ਬੰਦ ਸਫਲ, ਸਫ਼ਾਈ ਸੇਵਕਾਂ ਨੇ ਰੋਸ ਮਾਰਚ ਕੱਢਦਿਆਂ ਗਾਂਧੀ ਚੌਂਕ ਵਿਖੇ ਧਰਨਾ ਦਿੱਤਾ

ਰਾਮਾਂ ਮੰਡੀ, (ਬਠਿੰਡਾ), 30 ਜੁਲਾਈ (ਤਰਸੇਮ ਸਿੰਗਲਾ)- ਸਫ਼ਾਈ ਸੇਵਕ ਯੂਨੀਅਨ ਵਲੋਂ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਦੇ ਸਮਰਥਨ ਵਿਚ ਦਿੱਤੇ ਗਏ ਅੱਜ ਪੰਜਾਬ ਬੰਦ ਦੇ ਸੱਦੇ ਨੂੰ ਰਾਮਾਂ ਮੰਡੀ ਵਿਚ ਭਰਵਾਂ ਹੁੰਗਾਰਾ ਮਿਲਿਆ। ਬੰਦ ਦੌਰਾਨ ਸ਼ਹਿਰ ਦੇ ਮੁੱਖ ਬਜ਼ਾਰ ਪੂਰੀ ਤਰ੍ਹਾਂ ਬੰਦ ਰਹੇ।
ਇਸ ਮੌਕੇ ਸਫ਼ਾਈ ਸੇਵਕਾਂ ਨੇ ਸ਼ਹਿਰ ਵਿੱਚ ਰੋਸ ਮਾਰਚ ਕੱਢਦਿਆਂ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਗਾਂਧੀ ਚੌਂਕ ਵਿਖੇ ਧਰਨਾ ਦਿੱਤਾ। ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਸਰਕਾਰ ਸਫ਼ਾਈ ਸੇਵਕਾਂ ਦੀਆਂ ਜਾਇਜ਼ ਮੰਗਾਂ ਨੂੰ ਲਗਾਤਾਰ ਅਣਡਿੱਠਾ ਕਰ ਰਹੀ ਹੈ, ਜਿਸ ਕਾਰਨ ਮੁਲਾਜ਼ਮਾਂ ਵਿੱਚ ਭਾਰੀ ਰੋਸ ਹੈ। ਉਨ੍ਹਾਂ ਮੰਗ ਕੀਤੀ ਕਿ ਕੱਚੇ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇ, ਖਾਲੀ ਅਸਾਮੀਆਂ ਭਰੀਆਂ ਜਾਣ ਅਤੇ ਹੋਰ ਲੰਬਿਤ ਮੰਗਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ।
ਬੁਲਾਰਿਆਂ ਨੇ ਬਰਨਾਲਾ ਵਿਖੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸਫ਼ਾਈ ਸੇਵਕਾਂ 'ਤੇ ਪੁਲਿਸ ਵੱਲੋਂ ਕੀਤੇ ਗਏ ਲਾਠੀਚਾਰਜ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਇਸ ਨੂੰ ਲੋਕਤੰਤਰੀ ਹੱਕਾਂ 'ਤੇ ਹਮਲਾ ਕਰਾਰ ਦਿੱਤਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਜਲਦੀ ਮੰਗਾਂ ਦਾ ਹੱਲ ਨਾ ਕੀਤਾ ਅਤੇ ਅਜਿਹੀਆਂ ਕਾਰਵਾਈਆਂ ਤੋਂ ਗੁਰੇਜ਼ ਨਾ ਕੀਤਾ ਤਾਂ ਸੂਬਾ ਪੱਧਰ 'ਤੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਪੰਜਾਬ / ਜਨਰਲ

ਅਜੀਤ ਟੀ ਵੀ