ਅਟਾਰੀ, (ਅੰਮ੍ਰਿਤਸਰ), 2 ਮਈ (ਗੁਰਦੀਪ ਸਿੰਘ ਅਟਾਰੀ/ਰਾਜਿੰਦਰ ਸਿੰਘ ਰੂਬੀ)- ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਅਧੀਨ ਆਉਂਦੇ ਹਲਕਾ ਅਟਾਰੀ ਦੇ ਪਿੰਡ ਰਣਗੜ੍ਹ ਵਿਖੇ ਗ੍ਰਾਮ ਪੰਚਾਇਤ ਦੀ ਜ਼ਮੀਨ ਉੱਪਰ ਕੁਝ ਲੋਕਾਂ ਵਲੋਂ ਲੰਮੇ ਸਮੇਂ ਤੋਂ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਸੰਬੰਧਿਤ ਵਿਭਾਗ ਦੇ ਦਖਲ ਦੇਣ ਤੋਂ ਬਾਅਦ ਵੀ ਉਹ ਕਬਜ਼ਾ ਨਹੀਂ ਛੱਡ ਰਹੇ ਸਨ। ਮੌਜੂਦਾ ਸਰਪੰਚ ਸੁਮਨਪ੍ਰੀਤ ਕੌਰ ਪਤਨੀ ਸ਼ਮਸ਼ੇਰ ਸਿੰਘ ਵਲੋਂ ਬੀ.ਡੀ.ਪੀ.ਓ. ਬਲਾਕ ਅਟਾਰੀ ਅਤੇ ਪੰਚਾਇਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਲਿਖਤੀ ਦਰਖਾਸਤਾਂ ਦਿੱਤੀਆਂ ਗਈਆਂ ਸਨ। ਇਸ ਤੋਂ ਬਾਅਦ ਸਰਕਾਰ ਵਲੋਂ ਕਾਰਵਾਈ ਕਰਦੇ ਹੋਏ 51 ਨੰਬਰ ਆਬਾਦੀ ਦੇ ਰਕਬੇ ਦੀ ਨਿਸ਼ਾਨਦੇਹੀ ਕਰਵਾ ਕੇ ਕਬਜ਼ਾ ਹਟਾ ਕੇ ਗ੍ਰਾਮ ਪੰਚਾਇਤ ਰਣਗੜ੍ਹ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਇਹ ਪ੍ਰਗਟਾਵਾ ਸ਼ਮਸ਼ੇਰ ਸਿੰਘ ਰਣਗੜ੍ਹ ਅਤੇ ਸਾਬਕਾ ਸਰਪੰਚ ਹਰਜੀਤ ਸਿੰਘ ਰਣਗੜ੍ਹ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕੀਤਾ। ਸਰਪੰਚ ਬੀਬੀ ਸੁਮਨਪ੍ਰੀਤ ਕੌਰ ਅਤੇ ਉਕਤਾਂ ਨੇ ਗੱਲਬਾਤ ਕਰਦੇ ਦੱਸਿਆ ਕਿ 51 ਨੰਬਰ ਆਬਾਦੀ ਦੇ ਛੱਪੜ ਦੀ ਨਿਸ਼ਾਨਦੇਹੀ ਕਰਨ ਲਈ ਨਾਇਬ ਤਹਸੀਲਦਾਰ ਅਟਾਰੀ ਦੀ ਅਗਵਾਈ ਵਾਲੀ ਮੌਜੂਦ ਸੀ। ਇਸ ਮੌਕੇ ਡੀਐਸਪੀ ਅਟਾਰੀ ਦੀ ਅਗਵਾਈ ਹੇਠ ਵੱਡੀ ਗਿਣਤੀ ਪੁਲਿਸ ਫੋਰਸ ਪਹੁੰਚੀ ਹੋਈ ਸੀ, ਜਿਨ੍ਹਾਂ ਵਲੋਂ ਜ਼ਮੀਨ ਦੀ ਨਿਸ਼ਾਨਦੇਹੀ ਕਰਵਾ ਕੇ ਗ੍ਰਾਮ ਪੰਚਾਇਤ ਨੂੰ ਨਿਸ਼ਾਨ ਲਗਵਾ ਕੇ ਦੇ ਦਿੱਤੇ ਗਏ। ਪਟਵਾਰੀ ਬਲਰਾਜ ਸਿੰਘ ਨੇ ਗੱਲਬਾਤ ਕਰਦੇ ਦੱਸਿਆ ਕਿ ਪੰਚਾਇਤ ਵਿਭਾਗ ਬਲਾਕ ਅਟਾਰੀ ਦੇ ਹੁਕਮਾਂ ਅਨੁਸਾਰ ਨਿਸ਼ਾਨਦੇਹੀ ਕੀਤੀ ਗਈ ਹੈ। ਸਰਪੰਚ ਸੁਮਨਪ੍ਰੀਤ ਕੌਰ ਨੇ ਕਿਹਾ ਕਿ ਇਸ ਜ਼ਮੀਨ ਵਿਚ ਗ੍ਰਾਮ ਪੰਚਾਇਤ ਦੀ ਸਹਿਮਤੀ ਨਾਲ ਵਿਕਾਸ ਕਾਰਜ ਕਰਵਾਵਾਂਗੇ ਅਤੇ ਪਿੰਡ ਦੇ ਨਿਕਾਸੀ ਪਾਣੀ ਲਈ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ 51 ਨੰਬਰ ਆਬਾਦੀ ਦੀ 113 ਕਨਾਲਾਂ ਜ਼ਮੀਨ ਵਿਚ ਪਾਣੀ ਦੀ ਨਿਕਾਸੀ ਵਾਲਾ ਛੱਪੜ ਵੀ ਮੌਜੂਦ ਸੀ, ਜਿਸ ਉੱਪਰ ਜੋ ਕਬਜ਼ੇ ਸਨ, ਉਹ ਛੁਡਵਾ ਲਏ ਗਏ ਹਨ।