ਅਮਲੋਹ, 11 ਮਈ (ਕੇਵਲ ਸਿੰਘ)- ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ਵਿਚ ਸਕੂਲ ਆਫ਼ ਐਮੀਨਸ ਅਮਲੋਹ ਦੀਆਂ ਤਿੰਨ ਵਿਦਿਆਰਥਣਾਂ ਨੇ ਮੈਰਿਟ ਸੂਚੀ ਵਿਚ ਸਥਾਨ ਹਾਸਲ ਕਰਕੇ ਸਕੂਲ ਅਤੇ ਅਮਲੋਹ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ।
ਵਿਦਿਆਰਥਣ ਸੇਜ਼ਲ ਗੋਸਵਾਮੀ ਨੇ 650 ਵਿੱਚੋਂ 639 ਅੰਕ ਹਾਸਲ ਕਰਕੇ 98.31 ਫੀਸਦੀ ਨੰਬਰ ਪ੍ਰਾਪਤ ਕੀਤੇ ਅਤੇ ਪੰਜਾਬ ਭਰ ਵਿਚੋਂ 6ਵਾਂ ਰੈਂਕ ਹਾਸਲ ਕੀਤਾ। ਇਸੇ ਤਰ੍ਹਾਂ ਵਿਦਿਆਰਥਣ ਕਲਿਆਣੀ ਕੁਮਾਰੀ ਨੇ 650 ਵਿਚੋਂ 637 ਅੰਕ ਲੈਕੇ 98 ਫੀਸਦੀ ਨੰਬਰਾਂ ਨਾਲ ਪੰਜਾਬ ਵਿਚੋਂ 8ਵਾਂ ਰੈਂਕ ਹਾਸਲ ਕੀਤਾ। ਉੱਥੇ ਹੀ ਛਵੀ ਚੌਧਰੀ ਨੇ 650 ਵਿਚੋਂ 626 ਅੰਕ ਪ੍ਰਾਪਤ ਕਰਕੇ 96.31 ਫੀਸਦੀ ਨਤੀਜੇ ਨਾਲ ਪੰਜਾਬ ਭਰ ਵਿਚੋਂ 19ਵਾਂ ਰੈਂਕ ਹਾਸਲ ਕੀਤਾ।
ਇਸ ਮੌਕੇ ਵਿਦਿਆਰਥਣਾਂ ਨੇ ਆਪਣੀ ਇਸ ਪ੍ਰਾਪਤੀ ਦਾ ਸਿਹਰਾ ਮਾਪਿਆਂ, ਅਧਿਆਪਕਾਂ ਅਤੇ ਆਪਣੀ ਲਗਾਤਾਰ ਮਿਹਨਤ ਨੂੰ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਵਿਦਿਆਰਥੀ ਇਮਾਨਦਾਰੀ ਅਤੇ ਲਗਨ ਨਾਲ ਮਿਹਨਤ ਕਰਨ ਤਾਂ ਹਰ ਮੰਜ਼ਿਲ ਹਾਸਲ ਕੀਤੀ ਜਾ ਸਕਦੀ ਹੈ। ਉਨ੍ਹਾਂ ਹੋਰ ਵਿਦਿਆਰਥੀਆਂ ਨੂੰ ਵੀ ਮਨ ਲਗਾ ਕੇ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਵੀ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਿੱਖਿਆ ਖੇਤਰ ਵਿੱਚ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਹੀ ਨਤੀਜਾ ਹੈ ਕਿ ਵਿਦਿਆਰਥੀ ਲਗਾਤਾਰ ਮੈਰਿਟ ਸੂਚੀਆਂ ਵਿੱਚ ਆਪਣੀ ਥਾਂ ਬਣਾਉਂਦੇ ਹੋਏ ਪੰਜਾਬ ਦਾ ਨਾਮ ਰੌਸ਼ਨ ਕਰ ਰਹੇ ਹਨ। ਸਕੂਲ ਦੇ ਪ੍ਰਿੰਸੀਪਲ ਇਕਬਾਲ ਸਿੰਘ ਨੇ ਤਿੰਨਾਂ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਪ੍ਰਾਪਤੀ ਸਕੂਲ ਲਈ ਮਾਣ ਵਾਲੀ ਗੱਲ ਹੈ। ਉਹਨਾਂ ਕਿਹਾ ਕਿ ਵਿਦਿਆਰਥਣਾਂ ਦੀ ਕਾਮਯਾਬੀ ਨਾਲ ਸਕੂਲ, ਮਾਪਿਆਂ ਅਤੇ ਪੂਰੇ ਇਲਾਕੇ ਦਾ ਮਾਣ ਵਧਿਆ ਹੈ।