ਔੜ, 30 ਅਗਸਤ (ਗੁਰਨਾਮ ਸਿੰਘ ਸੈਣੀ) - ਅੱਜ ਤੱਕ ਬਣੀਆਂ ਸੂਬਾ ਸਰਕਾਰਾਂ ਨੇ ਸਟੇਜਾਂ ਤੋਂ ਸੂਬੇ 'ਚ ਸੜਕਾਂ ਦੇ ਜਾਲ ਵਿਛਾਉਣ ਦੀ ਗੱਲ ਦੇ ਨਾਲ-ਨਾਲ ਪੰਜਾਬ ਨੂੰ ਕੈਲੇਫੋਰਨੀਆ ਬਣਾਉਣ ਦੇ ਵੱਡੇ-ਵੱਡੇ ਸੁਪਨੇ ਤਾਂ ਦਿਖਾਏ ਹਨ ਪ੍ਰੰਤੂ ਜਮੀਨੀ ਹਕੀਕਤ ਤਾਂ ਕੁਝ ਹੋਰ ਹੀ ਬਿਆਨ ਕਰ ਰਹੀ ਹੈ ਅੱਜ ਅਗਰ ਗੱਲ ਮੁੱਖ ਮਾਰਗਾਂ ਤੋਂ ਪਿੰਡਾਂ ਨੂੰ ਜੋੜਦੀਆਂ ਸੰਪਰਕ ਸੜਕਾਂ ਦੀ ਕੀਤੀ ਜਾਵੇ ਤਾਂ ਇਹ ਕਹਿਣ ਵਿੱਚ ਕੋਈ ਦੋ ਰਾਏ ਨਹੀਂ ਕਿ ਲੋਕਾਂ ਨੂੰ ਟੋਇਆਂ 'ਚ ਸੜਕਾਂ ਲੱਭਣੀਆਂ ਪੈ ਰਹੀਆਂ ਹਨ ਇੱਥੇ ਹੀ ਬੱਸ ਨਹੀਂ ਥੋੜਾ ਜਿਹਾ ਮੀਂਹ ਪੈਣ ਨਾਲ ਹੀ ਸੜਕਾਂ ਛੱਪੜਾਂ ਦਾ ਰੂਪ ਧਾਰਨ ਕਰ ਲੈਂਦੀਆਂ ਹਨ ਫਿਰ ਤਾਂ ਸੜਕਾਂ 'ਤੇ ਜਾਂਦੇ ਵਾਹਨ ਇੰਝ ਜਾਪਦੇ ਹਨ ਜਿਵੇਂ ਝੋਨੇ ਦੀ ਫ਼ਸਲ ਬੀਜਣ ਦੌਰਾਨ ਖੇਤਾਂ 'ਚ ਕੀਤੇ ਕੱਦੂ 'ਚੋਂ ਗੁਜਰ ਰਹੇ ਹੋਣ | ਇਸ ਸਬੰਧੀ ਵੱਖ-ਵੱਖ ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਦਸ-ਦਸ ਸਾਲ ਤੋਂ ਬਣੀਆਂ ਇਨ੍ਹਾਂ ਸੰਪਰਕ ਸੜਕਾਂ ਦੀ ਮੁੜ ਕੇ ਕਿਸੇ ਵੀ ਸਰਕਾਰ ਨੇ ਸਾਰ ਨਹੀਂ ਲਈ, ਜਿਸ ਕਾਰਨ ਉਨ੍ਹਾਂ ਦੇ ਵਾਹਨਾਂ ਦੀ ਉਮਰ ਵੀ ਨਿੱਤ ਖੱਡਿਆਂ 'ਚ ਚੱਲਣ ਕਰਕੇ ਅੱਧੀ ਰਹਿ ਜਾਂਦੀ ਹੈ ਤੇ ਉਹ ਮੰਨਦੇ ਹਨ ਕੇ ਇਸ ਨਾਲੋ ਤਾਂ ਕੱਚੀਆਂ ਸੜਕਾਂ ਹੀ ਚੰਗੀਆਂ ਸਨ | ਉਨ੍ਹਾਂ ਦੱਸਿਆ ਕੇ ਉਨ੍ਹਾਂ ਦੇ ਬੱਚੇ ਆਲੇ-ਦੁਆਲੇ ਪਿੰਡਾਂ ਦੇ ਸਕੂਲਾ ਵਿੱਚ ਸਾਇਕਲਾਂ 'ਤੇ ਸਿੱਖਿਆ ਪ੍ਰਾਪਤ ਕਰਨ ਜਾਂਦੇ ਹਨ ਪਰ ਲਿੰਕ ਸੜਕਾਂ 'ਤੇ ਤਾਂ ਪੈਦਲ ਚੱਲਣਾ ਮੁਸ਼ਕਿਲ ਹੈ ਤੇ ਸਾਇਕਲਾਂ 'ਤੇ ਬੱਚੇ ਡਿੱਗਦੇ ਢਹਿੰਦੇ ਸਕੂਲਾਂ ਨੂੰ ਜਾਂਦੇ ਹਨ ਤੇ ਬਹੁਤੀ ਵਾਰ ਤਾਂ ਬੱਚਿਆਂ ਦੀਆਂ ਵਰਦੀਆਂ ਇਨ੍ਹਾਂ ਖੱਡਿਆਂ ਵਿੱਚ ਡਿੱਗ ਕੇ ਖਰਾਬ ਹੋ ਜਾਂਦੀਆਂ ਹਨ ਭਾਵੇਂ ਕਿ ਇਲਾਕੇ ਦੀਆਂ ਕਈ ਸੰਪਰਕ ਸੜਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਪ੍ਰੰਤੂ ਇਨ੍ਹਾਂ 'ਚ ਰਾਹੋਂ-ਮੱਤੇਵਾੜਾ ਮੁੱਖ ਮਾਰਗ, ਲਿੰਕ ਸੜਕਾਂ 'ਚ ਬਜੀਦਪੁਰ, ਗੜ੍ਹਪਧਾਣਾ ਤੋਂ ਜੁਲਾਹ ਮਾਜਰਾ, ਗਰਚਾ ਤੋਂ ਬਹਾਦਰਪੁਰ, ਗਰਚਾ ਤੋਂ ਸਾਹਲੋਂ, ਦੁਧਾਲਾ ਆਦਿ ਸੜਕਾਂ ਦੀ ਹਾਲਤ ਜ਼ਿਆਦਾ ਤਰਸ ਯੋਗ ਬਣੀ ਹੋਈ ਹ |ੈ ਇੱਥੇ ਇਹ ਵੀ ਵਰਨਣਯੋਗ ਹੈ ਕਿ ਸਰਕਾਰ ਨੇ ਰਾਹੋਂ-ਮੱਤੇਵਾੜਾ ਪੁਲ 'ਤੇ ਕਰੋੜਾਂ ਰੁਪਏ ਖਰਚ ਕਰਕੇ ਲੋਕਾਂ ਨੂੰ ਪੁਲ ਦੀ ਸਹੂਲਤ ਤਾਂ ਦੇ ਦਿੱਤੀ ਪਰ ਇਸ ਮੁੱਖ ਮਾਰਗ ਵਿੱਚ ਪਏ ਖੱਡਿਆਂ ਕਾਰਨ ਲੋਕ ਇਸ ਪੁਲ ਦੀ ਸਹੂਲਤ ਚੰਗੀ ਤਰ੍ਹਾਂ ਪ੍ਰਾਪਤ ਨਹੀ ਕਰ ਪਾ ਰਹੇ | ਇਲਾਕੇ ਦੇ ਲੋਕਾਂ ਦੀ ਪੁਰਜੋਰ ਮੰਗ ਹੈ ਕੇ ਇਨ੍ਹਾਂ ਸੜਕਾਂ 'ਤੇ ਵਧੀਆ ਮਟੀਰੀਅਲ ਲਗਾ ਕੇ ਬਣਾਇਆ ਜਾਵੇ |