ਰੂਪਨਗਰ, 29 ਅਗਸਤ (ਸਤਨਾਮ ਸਿੰਘ ਸੱਤੀ)-ਝੋਨੇ ਦੀ ਵਾਢੀ ਤੋਂ ਪਹਿਲਾਂ ਮੁੱਖ ਮੰਤਰੀ ਫੀਲਡ ਅਫ਼ਸਰ ਰੂਪਨਗਰ ਜਸਜੀਤ ਸਿੰਘ ਵਲੋਂ ਜ਼ਿਲ੍ਹੇ ਦੇ ਕੰਬਾਇਨ ਮਾਲਕਾਂ ਦੇ ਆਗੂਆਂ ਨਾਲ ਮੀਟਿੰਗ ਕੀਤੀ ਗਈ | ਉਨ੍ਹਾਂ ਦੱਸਿਆ ਕਿ ਇਸ ਸਾਲ ਝੋਨੇ ਦੀ ਖਰੀਦ ਸਰਕਾਰ ਵਲੋਂ ਜਾਰੀ ਹਦਾਇਤਾਂ ਅਨੁਸਾਰ 16 ਸਤੰਬਰ ਤੋਂ ਹੋਣ ਦੀ ਸੰਭਾਵਨਾ ਹੈ | ਕਿਸਾਨਾਂ ਦੀ ਫਸਲ ਦੀ ਨਿਰਵਿਘਨ ਖਰੀਦ ਯਕੀਨੀ ਬਣਾਉਣ ਲਈ ਉਨ੍ਹਾਂ ਨੇ ਕੰਬਾਇਨ ਮਾਲਕਾਂ ਨੂੰ ਪ੍ਰੇਰਦੇ ਹੋਏ ਕਿਹਾ ਕਿ ਕੰਬਾਇਨਾਂ ਸਿਰਫ ਜਾਰੀ ਹੁਕਮਾਂ ਤਹਿਤ ਮਿੱਥੇ ਸਮੇਂ ਦੌਰਾਨ ਹੀ ਚਲਾਈਆਂ ਜਾਣ ਤਾਂ ਜੋ ਝੋਨੇ ਦੀ ਨਮੀ ਨੂੰ ਨਿਰਧਾਰਤ ਸਪੈਸੀਫਿਕੇਸ਼ਨ ਅਨੁਸਾਰ (17 ਫ਼ੀਸਦੀ ਤੋਂ ਘੱਟ) ਰੱਖਿਆ ਜਾ ਸਕੇ | ਜੇਕਰ ਝੋਨੇ ਦੀ ਫਸਲ ਵਿੱਚ ਨਮੀ ਜ਼ਿਆਦਾ ਹੁੰਦੀ ਹੈ ਤਾਂ ਉਸ ਦੀ ਖਰੀਦ ਵਿਚ ਦਿੱਕਤ ਆਉਂਦੀ ਹੈ | ਕੰਬਾਇਨਾਂ ਦੀ ਮੁਰੰਮਤ ਨਿਰਧਾਰਤ ਬੀ.ਆਈ.ਐੱਸ. ਸਟੈਂਡਰਡ ਅਨੁਸਾਰ ਕਰਵਾਈ ਜਾਵੇ ਤਾਂ ਜੋ ਕਟਾਈ ਸਮੇਂ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਾ ਆਵੇ | ਉਨ੍ਹਾਂ ਦੱਸਿਆ ਕਿ ਰਾਜ ਸਰਕਾਰ ਵਲੋਂ ਜਾਰੀ ਹਦਾਇਤਾਂ ਅਨੁਸਾਰ ਜ਼ਿਲ੍ਹਾ ਰੂਪਨਗਰ ਦੇ ਖੇਤੀਬਾੜੀ ਵਿਭਾਗ ਅਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਵਲੋਂ ਕੰਬਾਇਨਾਂ ਦੀ ਵਰਤੋਂ ਤੇ ਚੌਕਸੀ ਰੱਖੀ ਜਾਵੇਗੀ | ਜੇਕਰ ਕੋਈ ਕੰਬਾਇਨ ਨਿਰਧਾਰਤ ਸਮੇਂ ਦੀ ਉਲੰਘਣਾ ਕਰਦੀ ਪਾਈ ਗਈ ਤਾਂ ਉਸ ਕੰਬਾਇਨ ਨੂੰ ਜ਼ਬਤ ਕਰ ਲਿਆ ਜਾਵੇਗਾ ਅਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ | ਖੇਤੀਬਾੜੀ ਅਫਸਰ ਰੂਪਨਗਰ ਪੰਕਜ ਸਿੰਘ ਨੇ ਕੰਬਾਇਨਾਂ ਤੇ ਸੁਪਰ ਐੱਸ.ਐੱਮ.ਐੱਸ. ਮਸ਼ੀਨ ਲਗਾ ਕੇ ਹੀ ਵਾਢੀ ਕਰਨ ਲਈ ਕਿਹਾ | ਕੰਬਾਇਨ ਮਾਲਕ ਰਾਜੇਸ਼ ਰਾਣਾ ਪਿੰਡ ਅਗੰਮਪੁਰ ਬਲਾਕ ਸ੍ਰੀ ਅਨੰਦਪੁਰ ਸਾਹਿਬ ਬਲਾਕ ਵਿੱਚ ਕੋਈ ਵੀ ਬੇਲਰ/ਰੇਕ ਮਸ਼ੀਨ ਨਾ ਹੋਣ ਬਾਰੇ ਦੱਸਿਆ | ਇਸ ਸੰਬੰਧੀ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵਲੋਂ ਸਪੱਸ਼ਟ ਕੀਤਾ ਗਿਆ ਕਿ ਉਨ੍ਹਾਂ ਦੇ ਬਲਾਕ ਤੋਂ ਕੋਈ ਵੀ ਅਰਜ਼ੀ ਪ੍ਰਾਪਤ ਨਹੀਂ ਹੋਈ ਹੈ | ਵਿਭਾਗ ਵਲੋਂ ਕਸਟਮ ਹਾਈਰਿੰਗ ਸੈਂਟਰ ਤੋਂ ਬੇਲਰ/ਰੇਕ ਮਸ਼ੀਨਾਂ ਉਪਲੱਬਧ ਕਰਵਾਉਣ ਲਈ ਭਰੋਸਾ ਦਿਵਾਇਆ ਗਿਆ | ਜ਼ਿਲ੍ਹਾ ਕੰਟਰੋਲਰ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਰੂਪਨਗਰ ਕਿੰਮੀ ਵੀਨੀਤ ਕੌਰ ਸੇਠੀ ਨੇ ਕੰਬਾਇਨ ਮਾਲਕਾਂ ਨੂੰ ਕਿਹਾ ਕਿ ਕੰਬਾਇਨ ਹਾਰਵੈਸਟਰ ਕਟਾਈ ਸਿਰਫ ਪੱਕੀ ਹੋਈ ਫਸਲ ਦੀ ਹੀ ਕਰਨ | ਇਸ ਮੀਟਿੰਗ ਵਿਚ ਮਾਲਕਾਂ ਵਲੋਂ ਪ੍ਰਧਾਨ ਜੀ ਨੂੰ ਭਰੋਸਾ ਦਿਵਾਇਆ ਗਿਆ ਕਿ ਉਨ੍ਹਾਂ ਵਲੋਂ ਪ੍ਰਸ਼ਾਸਨ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕੀਤੀ ਜਾਵੇਗੀ | ਇਸ ਮੀਟਿੰਗ ਵਿਚ ਜ਼ਿਲ੍ਹਾ ਪ੍ਰਬੰਧਕ ਮਾਰਕਫੈਡ ਨਵੀਤਾ ਬਘਲਾ, ਸੈਕਟਰੀ ਮਾਰਕਿਟ ਕਮੇਟੀ ਅਸ਼ੋਕ ਕੁਮਾਰ ਅਤੇ ਸਹਾਇਕ ਖੇਤੀਬਾੜੀ ਇੰਜੀ. ਰੂਪਨਗਰ ਜੁਝਾਰ ਸਿੰਘ ਤੇ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਦੇ ਲਗਭਗ 15 ਕੰਬਾਇਨ ਨੇ ਭਾਗ ਲਿਆ |