ਰੂਪਨਗਰ, 29 ਅਗਸਤ (ਯਸ਼ਵੰਤ ਬੱਸੀ)-ਸਰਕਾਰੀ ਕਾਲਜ ਰੂਪਨਗਰ ਵਿਖੇ ਪਿ੍ੰਸੀਪਲ ਜਤਿੰਦਰ ਸਿੰਘ ਗਿੱਲ ਦੀ ਅਗਵਾਈ ਵਿਚ ਸਰੀਰਕ ਸਿੱਖਿਆ ਵਿਭਾਗ ਵਲੋਂ ਕੌਮੀ ਖੇਡ ਦਿਵਸ ਮਨਾਇਆ ਗਿਆ | ਇਸ ਦਿਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਵਾਈਸ ਪਿ੍ੰਸੀਪਲ ਪ੍ਰੋ. ਹਰਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਰਾਸ਼ਟਰੀ ਖੇਡ ਦਿਵਸ ਮੌਕੇ ਖੇਡਾਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣ ਦੀ ਅਪੀਲ ਕੀਤੀ | ਉਹਨਾਂ ਪੰਜਾਬ ਸਰਕਾਰ ਵਲੋਂ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਵੀ ਜਾਣਕਾਰੀ ਦਿੱਤੀ | ਇਸ ਮੌਕੇ ਉਹਨਾਂ ਨੇ ਮੇਜਰ ਧਿਆਨ ਚੰਦ ਦੀ ਜੀਵਨੀ 'ਤੇ ਵੀ ਚਾਨਣਾ ਪਾਇਆ ਅਤੇ ਕਿਹਾ ਕਿ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦਾ ਸੁਨੇਹਾ ਸੀ ਕਿ ਮਿਹਨਤ ਐਨੀ ਕਰੋ ਕਿ ਸਾਨੂੰ ਹਾਲਾਤਾਂ ਦੇ ਗੁਲਾਮ ਨਾ ਹੋਣਾ ਪਵੇ, ਸਗੋ ਹਾਲਾਤ ਸਾਡੇ ਗੁਲਾਮ ਹੋਣੇ ਚਾਹੀਦੇ ਹਨ | ਡਾ. ਨਿਰਮਲ ਸਿੰਘ ਬਰਾੜ ਨੇ ਵਿਦਿਆਰਥੀਆਂ ਨੂੰ ਤੰਦਰੁਸਤ ਸਮਾਜ ਦੀ ਸਿਰਜਣਾ ਲਈ ਖੇਡਾਂ ਦੇ ਮਹੱਤਵ ਸਬੰਧੀ ਦੱਸਿਆ ਅਤੇ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਦਾ ਹਿੱਸਾ ਬਣ ਕੇ ਨਸ਼ੇ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ | ਡਾ. ਹਰਮਨਦੀਪ ਕੌਰ ਨੇ ਖੇਡਾਂ ਨੂੰ ਉਤਸ਼ਾਹਿਤ ਕਰਨ ਸਬੰਧੀ ਵੱਖ-ਵੱਖ ਪੋਸਟਰਾਂ ਰਾਹੀਂ ਸਰੀਰਕ ਸਿੱਖਿਆ ਵਿਭਾਗ ਦੇ ਵਿਦਿਆਰਥੀਆਂ ਨੂੰ ਖੇਡਾਂ ਨਾਲ ਜੁੜਨ ਦਾ ਸੁਨੇਹਾ ਦਿੱਤਾ | ਕਾਲਜ ਕੈਂਪਸ ਵਿਚ ਵਿਦਿਆਰਥੀਆਂ ਨੇ ਰੱਸਾ-ਕਸੀ, ਪੁੱਸ਼-ਅੱਪ ਆਦਿ ਸਰੀਰਕ ਗਤੀਵਿਧੀਆਂ ਵਿਚ ਬਹੁਤ ਦਿਲਚਸਪੀ ਨਾਲ ਹਿੱਸਾ ਲਿਆ | ਇਸ ਸਮਾਗਮ ਨੂੰ ਸਫਲ ਅਤੇ ਯਾਦਗਾਰੀ ਬਣਾਉਣ ਵਿਚ ਕੌਮੀ ਸੇਵਾ ਯੋਜਨਾ ਵਿਭਾਗ, ਐਨ.ਸੀ. ਸੀ. ਇਕਾਈ, ਮਿਸ਼ਨ ਤੰਦਰੁਸਤ ਪੰਜਾਬ ਅਤੇ ਸਮੂਹ ਸਟਾਫ਼ ਨੇ ਅਹਿਮ ਭੂਮਿਕਾ ਨਿਭਾਈ |