ਨੰਗਲ, 29 ਅਗਸਤ (ਗੁਰਪ੍ਰੀਤ ਸਿੰਘ ਗਰੇਵਾਲ)-ਅੰਤਰਰਾਸ਼ਟਰੀ ਨੰਗਲ ਡੈਮ ਜਲਗਾਹ ਦੇ ਸੁਹੱਪਣ ਨੂੰ ਹਿਮਾਚਲ ਦੇ ਉਦਯੋਗਾਂ ਦਾ ਪ੍ਰਦੂਸ਼ਿਤ ਪਾਣੀ ਅਤੇ ਸ਼ਹਿਰ ਦਾ ਸੀਵਰੇਜ ਪਾਣੀ ਗ੍ਰਹਿਣ ਲਗਾ ਰਿਹਾ ਹੈ, ਸਰਕਾਰ ਨੂੰ ਇਹ ਸਭ ਸਖ਼ਤੀ ਨਾਲ ਰੋਕਣਾ ਚਾਹੀਦਾ ਹੈ | ਇਹ ਵਿਚਾਰ ਪੰਜਾਬ ਜੰਗਲੀ ਜੀਵ ਸਲਾਹਕਾਰ ਬੋਰਡ ਦੇ ਸਾਬਕਾ ਮੈਂਬਰ ਡਾ. ਗੁਲਜੀਤ ਸਿੰਘ ਚੱਠਾ, ਪ੍ਰਸਿੱਧ ਟਰੇਡ ਯੂਨੀਅਨ ਆਗੂ ਵਿਨੋਦ ਭੱਟੀ, ਆਰ.ਟੀ.ਆਈ. ਕਾਰਕੁਨ ਯੋਗੇਸ਼ ਸੱਚਦੇਵਾ ਨੇ ਇਸ ਵਿਸ਼ੇਸ਼ ਮੁਲਾਕਾਤ ਦੌਰਾਨ ਪ੍ਰਗਟ ਕੀਤੇ | ਜਦੋਂ ਵੀ ਮੀਂਹ ਪੈਂਦਾ ਹੈ ਤਾਂ ਹਿਮਾਚਲ ਦੇ ਉਦਯੋਗਾਂ ਦੇ ਪ੍ਰਬੰਧਕ ਰਾਤ ਸਮੇਂ ਪ੍ਰਦੂਸ਼ਿਤ ਪਾਣੀ ਬਰਮਲਾ ਖੱਡ 'ਚ ਛੱਡ ਦਿੰਦੇ ਹਨ ਜੋ ਨੰਗਲ ਜਲਗਾਹ 'ਚ ਡਿੱਗਦੀ ਹੈ | ਸਤਲੁਜ ਪਾਰਕ ਅਤੇ ਕੁੱਝ ਹੋਰ ਥਾਵਾਂ ਤੋਂ ਸੀਵਰੇਜ ਦਾ ਪਾਣੀ ਵੀ ਜਲਗਾਹ 'ਚ ਜਾ ਕੇ ਡਿਗਦਾ ਹੈ | ਜੰਗਲੀ ਜੀਵ ਸੁਰੱਖਿਆ ਵਿਭਾਗ ਕੋਲ ਸਟਾਫ਼ ਦੀ ਘਾਟ ਹੈ ਪੈਟਰੋਲਿੰਗ ਨਹੀਂ ਹੋ ਰਹੀ | ਸਟਾਫ਼ ਦੀ ਘਾਟ ਕਾਰਨ ਸ਼ਿਕਾਰੀ ਸਰਗਰਮ ਹਨ | ਅਕਤੂਬਰ 'ਚ ਪਰਵਾਸੀ ਪੰਛੀਆਂ ਨੇ ਆਉਣਾ ਹੈ | ਝੀਲ ਕੰਢੇ ਮਨੁੱਖੀ ਸਰਗਰਮੀ (ਵਾਹਨਾਂ ਵਾਲੀ) ਘੱਟ ਕਰਨਾ ਸਮੇਂ ਦੀ ਲੋੜ ਹੈ | ਝੀਲ ਕੰਢੇ ਵੱਧ ਰਿਹਾ ਸ਼ੋਰ ਪ੍ਰਦੂਸ਼ਨ, ਹੋ ਰਹੇ ਨਜਾਇਜ਼ ਕਬਜ਼ੇ, ਜਲ ਪ੍ਰਵਾਹ ਸਮਾਗਮ, ਦਰਖ਼ਤਾਂ ਨੂੰ ਵੱਢਣਾ ਸਖ਼ਤੀ ਨਾਲ ਰੋਕਣ ਦੀ ਲੋੜ ਹੈ | ਪ੍ਰਭਾਵਸ਼ਾਲੀ ਲੋਕ ਰਾਜਸੀ ਸਰਪ੍ਰਸਤੀ ਨਾਲ ਨਾਜਇਜ਼ ਕਬਜ਼ੇ ਕਰ ਰਹੇ ਹਨ ਇਸ ਲਈ ਜਲਗਾਹ ਖੇਤਰ 'ਚ ਸਥਾਈ ਕਰਮਚਾਰੀ ਤਾਇਨਾਤ ਕਰਨੇ ਚਾਹੀਦੇ ਹਨ |