ਸ੍ਰੀ ਚਮਕੌਰ ਸਾਹਿਬ, 29 ਅਗਸਤ (ਜਗਮੋਹਣ ਸਿੰਘ ਨਾਰੰਗ)-ਸਥਾਨਕ ਸਬ ਡਵੀਜਨਲ ਹਸਪਤਾਲ ਵਿਚ ਅੱਜ ਡਾ. ਗੋਬਿੰਦ ਟੰਡਨ ਸੀਨੀਅਰ ਮੈਡੀਕਲ ਅਫ਼ਸਰ ਦੀ ਅਗਵਾਈ ਹੇਠ ਬਲਾਕ ਸ੍ਰੀ ਚਮਕੌਰ ਸਾਹਿਬ ਦੀਆਂ ਆਸ਼ਾ ਵਰਕਰਾਂ ਦੀ ਇਕ ਮੀਟਿੰਗ ਕੀਤੀ ਗਈ | ਜਿਸ 'ਚ ਬੀ. ਈ. ਈ. ਹਰਵਿੰਦਰ ਸਿੰਘ ਸੈਣੀ ਨੇ ਮਨਾਏ ਜਾ ਰਹੇ 'ਅੱਖਾਂ ਦਾਨ ਪੰਦ੍ਹਰਵਾੜੇ' ਦੌਰਾਨ ਲੋਕਾਂ ਨੂੰ ਅੱਖਾਂ ਦਾਨ ਕਰਨ ਲਈ ਪ੍ਰੇਰਿਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਅੰਨਾਂਪਣ ਦਾ ਸ਼ਿਕਾਰ ਹੋਏ ਵਿਅਕਤੀਆਂ ਨੂੰ ਇਸ ਦਾ ਲਾਭ ਹਾਸਲ ਹੋ ਸਕੇ | ਉਨ੍ਹਾਂ ਆਸ਼ਾ ਵਰਕਰਾਂ ਨੂੰ ਅੱਖਾਂ ਦਾਨ ਸਬੰਧੀ ਕੀਤੀ ਜਾਣ ਵਾਲੀ ਪ੍ਰਕਿ੍ਆ ਬਾਰੇ ਜਾਣੂ ਕਰਵਾਇਆ ਤੇ ਦੱਸਿਆ ਕਿ ਬਹੁਤ ਹੀ ਸਰਲ ਤਰੀਕੇ ਨਾਲ ਫਾਰਮ ਭਰ ਕੇ ਕੋਈ ਵੀ ਵਿਅਕਤੀ ਮਰਨ ਤੋਂ ਬਾਅਦ ਆਪਣੀਆਂ ਅੱਖਾਂ ਦਾਨ ਕਰ ਸਕਦਾ ਹੈ | ਦੱਸਿਆ ਕਿ ਕੋਈ ਇੱਕ ਵਿਅਕਤੀ ਆਪਣੀਆਂ ਅੱਖਾਂ ਦਾਨ ਕਰਕੇ ਕਿਸੇ ਦੋ ਨੇਤਰਹੀਣ ਵਿਅਕਤੀਆਂ ਦੀ ਜਿੰਦਗੀ ਨੂੰ ਰੋਸ਼ਨ ਕਰ ਸਕਦਾ ਹੈ | ਅੱਖਾਂ ਦੇ ਮਾਹਿਰ ਡਾਕਟਰ ਨੀਰੂ ਨੇ ਕਿਹਾ ਕਿ ਕੌਮੀ ਅੰਨਾਪਨ ਰੋਕਥਾਮ ਪ੍ਰੋਗਰਾਮ ਕੋਰਨੀਆ (ਪੁਤਲੀ) ਰੋਗ ਦੇ ਅੰਨੇਪਨ ਤੋਂ ਬਚਾਅ ਲਈ ਛੋਟੀ ਉਮਰ ਵਿਚ (ਖੁਰਾਕ ਦੀ ਘਾਟ) ਸੱਟ ਅਤੇ ਇਨਫੈਕਸ਼ਨ ਆਦਿ ਦੇ ਕਾਰਨ ਕੋਰਨੀਆ ਧੁੰਦਲਾ ਹੋ ਜਾਂਦਾ ਹੈ | ਅੱਖਾਂ ਦਾਨ ਮਰਨ ਉਪਰੰਤ ਹੀ ਕੀਤੀਆਂ ਜਾਂਦੀਆਂ ਹਨ ਅਤੇ ਵਿਅਕਤੀ ਦੀ ਮੌਤ ਦੇ 6 ਘੰਟੇ ਅੰਦਰ ਹੀ ਅੱਖਾਂ ਦਾਨ ਕਰਨੀਆਂ ਜ਼ਰੂਰੀ ਹਨ | ਕਿਸੀ ਵੀ ਉਮਰ ਚਾਹੇ ਐਨਕਾਂ ਲੱਗੀਆਂ ਹੋਣ, ਬੀ.ਪੀ ਦਾ ਮਰੀਜ, ਚਾਹੇ ਲੈਨਜ਼ ਪਾਏ ਹੋਣ ਅੱਖਾਂ ਦਾਨ ਕੀਤੀਆਂ ਜਾ ਸਕਦੀਆਂ ਹਨ | ਮੀਟਿੰਗ ਦੌਰਾਨ ਆਸ਼ਾ ਵਰਕਰਾਂ ਨੂੰ ਗਭਰਵਤੀ ਮਹਿਲਾਂਵਾ ਨੂੰ ਸੰਤੁਲਿਤ ਖੁਰਾਕ ਸਬੰਧੀ ਜਾਗਰੂਕ ਕਰਨ ਲਈ ਕਿਹਾ | ਇਸ ਮੌਕੇ ਆਸ਼ਾ ਨੂੰ ਡੇਂਗੂ, ਮਲੇਰੀਆ, ਪਰਿਵਾਰ ਭਲਾਈ ਪ੍ਰੋਗਰਾਮ, ਆਯੂਸ਼ਮਾਨ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ, ਜੇ.ਐਸ.ਵਾਈ, ਜੇ.ਐਸ.ਐਸ.ਕੇ, ਮਾਂ ਪ੍ਰੋਗਰਾਮ, ਪੇਂਡੂ ਸਿਹਤ ਸਫ਼ਾਈ ਕਮੇਟੀ ਆਦਿ ਸਬੰਧੀ ਵਿਸਥਾਰ ਪੂਰਵਕ ਚਰਚਾ ਕੀਤੀ ਗਈ | ਇਸ ਮੌਕੇ ਦਵਿੰਦਰ ਸਿੰਘ ਸੁਪਰਵਾਈਜਰ, ਨਾਗਰ ਸਿੰਘ ਸੁਪਰਵਾਈਜਰ, ਸਮੂਹ ਆਸ਼ਾ ਫੈਸਿਲੀਟੇਟਰ ਅਤੇ ਆਸ਼ਾ ਵਰਕਰ ਹਾਜ਼ਰ ਸਨ |