ਸ੍ਰੀ ਚਮਕੌਰ ਸਾਹਿਬ, 29 ਅਗਸਤ (ਜਗਮੋਹਣ ਸਿੰਘ ਨਾਰੰਗ)-ਸ਼੍ਰੋਮਣੀ ਕਮੇਟੀ ਅਧੀਨ ਸਥਾਨਕ ਬੀਬੀ ਸ਼ਰਨ ਕੌਰ ਖ਼ਾਲਸਾ ਕਾਲਜ ਵਿਖੇ ਪਿ੍ੰਸੀਪਲ ਡਾ. ਬਲਜੀਤ ਸਿੰਘ ਦੀ ਅਗਵਾਈ ਹੇਠ ਸਰੀਰਕ ਸਿੱਖਿਆ ਵਿਭਾਗ ਅਤੇ ਐਨ.ਐਸ.ਐਸ. ਯੂਨਿਟ ਵਲੋਂ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਮਿਕਸ ਮਾਰਸ਼ਲ ਆਰਟ ਦੇ ਕੌਮਾਂਤਰੀ ਖਿਡਾਰੀ ਯਾਦਵਿੰਦਰ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਵਿਦਿਆਰਥੀਆਂ ਦੇ ਰੂ-ਬ-ਰੂ ਹੁੰਦਿਆਂ ਖੇਡ ਦਿਵਸ ਪ੍ਰਤੀ ਚਾਨਣਾ ਪਾਉਂਦਿਆਂ ਕਿਹਾ ਕਿ ਸਾਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਹਿੱਸਾ ਜ਼ਰੂਰ ਲੈਣਾ ਚਾਹੀਦਾ ਹੈ | ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋ.ਮਧੂ ਡਡਵਾਲ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਮੇਜਰ ਧਿਆਨ ਚੰਦ ਦੇ ਜੀਵਨ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ | ਖੇਡ ਟਰੇਨਰ ਦੀਪਕ ਵਰਮਾ ਨੇ ਯਾਦਵਿੰਦਰ ਸਿੰਘ ਦੇ ਖੇਡ ਸਫ਼ਰ ਤੇ ਝਾਤ ਪਾਈ | ਇਸ ਮੌਕੇ ਸਟੇਜ ਸੰਚਾਲਨ ਦੀ ਭੂਮਿਕਾ ਪ੍ਰੋ. ਸੁਖਵਿੰਦਰ ਕੌਰ ਪੰਜਾਬੀ ਵਿਭਾਗ ਨੇ ਬਾਖ਼ੂਬੀ ਨਿਭਾਈ | ਇਸ ਮੌਕੇ ਪੋਸਟਰ ਮੇਕਿੰਗ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਤਰਨਪ੍ਰੀਤ ਕੌਰ (ਬੀ.ਏ. ਭਾਗ ਤੀਜਾ -ਪਹਿਲਾ ਸਥਾਨ), ਨਵਜੋਤ ਕੌਰ(ਬੀ.ਏ. ਭਾਗ ਦੂਜਾ-ਦੂਜਾ ਸਥਾਨ), ਸ਼ਿਖਾ ਰਾਜਪੂਤ (ਬੀ.ਸੀ.ਏ. ਭਾਗ ਪਹਿਲਾ-ਤੀਜਾ ਸਥਾਨ) ਨੂੰ ਸਨਮਾਨਿਤ ਕੀਤਾ ਗਿਆ | ਕਾਲਜ ਪ੍ਰਬੰਧਕਾਂ ਵਲੋਂ ਯਾਦਵਿੰਦਰ ਸਿੰਘ ਤੇ ਉਨ੍ਹਾਂ ਨਾਲ ਵਿਸ਼ੇਸ਼ ਤੌਰ ਤੇ ਪਹੁੰਚੇ ਗੁਰਪ੍ਰਤਾਪ ਸਿੰਘ, ਹਰਦੀਪ ਸਿੰਘ ਤੇ ਜੋਗਾ ਸਿੰਘ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਅੰਤ ਵਿਚ ਡਾ. ਅੰਮਿ੍ਤਾ ਸੇਖੋਂ ਕੰਪਿਊਟਰ ਸਾਇੰਸ ਵਿਭਾਗ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |