ਕਰਨਾਲ, 30 ਅਗਸਤ (ਗੁਰਮੀਤ ਸਿੰਘ ਸੱਗੂ)-ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਤੇ ਸਿੱਖ ਸੰਗਤਾਂ 'ਚ ਆਪਣਾ ਭਰੋਸਾ ਗੁਆ ਚੁੱਕਿਆ ਕਮੇਟੀ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਅੱਜ ਕੱਲ੍ਹ ਗੁਰੂ ਕੀ ਗੋਲਕ ਦੀ ਰੱਜ ਕੇ ਦੁਰਵਰਤੋਂ ਕਰ ਰਿਹਾ ਹੈ | ਇਹ ਪ੍ਰਗਟਾਵਾ ਕਰਦਿਆਂ ਜਥੇਦਾਰ ਸੁਖਵਿੰਦਰ ਸਿੰਘ ਮੰਡੇਬਰ ਸਾਬਕਾ ਜਨਰਲ ਸਕੱਤਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਝੀਂਡਾ ਆਪਣਾ 73ਵਾਂ ਜਨਮ ਦਿਨ 5 ਸਤੰਬਰ ਨੂੰ ਆਪਣੇ ਪਿੰਡ ਝੀਂਡਾ ਵਿਖੇ ਮਨਾਉਣਾ ਹੈ, ਜਿਸ ਦੇ ਸੱਦਾ ਪੱਤਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਗੱਡੀਆਂ 'ਚ ਕਮੇਟੀ ਦੇ ਮੁਲਾਜ਼ਮ ਪਿੰਡ-ਪਿੰਡ ਵੰਡ ਰਹੇ ਹਨ, ਜੋ ਕਿ ਸਿੱਧੇ ਤੌਰ 'ਤੇ ਗੁਰੂ ਕੀ ਗੋਲਕ ਦੀ ਦੁਰਵਰਤੋਂ ਹੈ | ਉਨ੍ਹਾਂ ਕਿਹਾ ਕਿ ਪਹਿਲੀ ਗੱਲ ਤਾਂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਚੱਲ ਰਹੀ ਹੈ, ਜਦ ਕਿ ਦੂਜਾ ਹਰਿਆਣਾ ਤੇ ਪੰਜਾਬ 'ਚ ਹੜ੍ਹਾਂ ਦੀ ਮਾਰ ਨਾਲ ਲੋਕ ਘਰੋਂ ਬੇਘਰ ਹੋ ਗਏ ਹਨ ਅਤੇ ਪੀੜਤ ਪਰਿਵਾਰਾਂ ਕੋਲ ਜਾਣ ਦੀ ਬਜਾਏ ਝੀਂਡਾ ਸਰਕਾਰੀ ਦਫ਼ਤਰਾਂ 'ਚ ਲੀਡਰਾਂ ਅਤੇ ਅਫ਼ਸਰਾਂ ਨੂੰ ਆਪਣੇ ਜਨਮ ਦਿਨ ਦੇ ਸੱਦਾ ਪੱਤਰ ਵੰਡਣ 'ਚ ਮਸ਼ਰੂਫ ਹਨ | ਉਨ੍ਹਾਂ ਕਿਹਾ ਕਿ ਝੀਂਡਾ ਬੁੱਢੇ ਵਾਰੇ ਆਪਣਾ ਜਨਮ ਦਿਨ ਮਨਾ ਰਿਹਾ ਹੈ, ਜੋ ਕਿ ਆਪਣੇ ਆਪ 'ਚ ਹਾਸੋ-ਹੀਣਾ ਹੈ | ਪਹਿਲਾਂ ਵੀ ਝੀਂਡਾ ਨੇ 26 ਜੂਨ ਨੂੰ ਕਾਲਾ ਦਿਵਸ ਪ੍ਰੋਗਰਾਮ 'ਤੇ ਪੂਰੇ ਹਰਿਆਣਾ ਕਮੇਟੀ ਦੇ ਪ੍ਰਬੰਧਾਂ ਹੇਠਲੇ ਗੁਰਦੁਆਰਾ ਸਾਹਿਬਾਨ 'ਚੋਂ ਗੁਰੂ ਕੀ ਗੋਲਕ ਦਾ ਤੇਲ ਗੱਡੀਆਂ 'ਚ ਪਾ ਕੇ ਮੁਲਾਜ਼ਮਾਂ ਨੂੰ ਸੱਦ ਕੇ ਗੁਰੂ ਕੀ ਗੋਲਕ ਦੀ ਦੁਰਵਰਤੋਂ ਕੀਤੀ ਸੀ | ਝੀਂਡਾ ਦੋ ਗੱਡੀਆਂ ਤੇ 13-14 ਮੁਲਾਜ਼ਮਾਂ ਦੀ ਟਾਸਕ ਫੋਰਸ ਆਪਣੇ ਨਾਲ ਰੱਖਦਾ ਹੈ ਅਤੇ ਪੀ. ਏ. ਤੇ ਡਰਾਈਵਰਾਂ ਦੇ ਰੂਪ 'ਚ ਕਰਮਚਾਰੀ ਰੱਖ ਕੇ ਗੁਰੂ ਕੀ ਗੋਲਕ ਦੀ ਰੱਜ ਕੇ ਦੁਰਵਰਤੋਂ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਝੀਂਡਾ ਦੀ ਨਾਲਾਇਕੀ ਕਾਰਨ ਦਫ਼ਤਰ ਦਾ ਪ੍ਰਬੰਧ ਬੁਰੀ ਤਰ੍ਹਾਂ ਨਾਲ ਫੇਲ੍ਹ ਹੋ ਚੁੱਕਿਆ ਹੈ ਤੇ ਦਫ਼ਤਰ 'ਚ ਕੁਰੀਤੀਆਂ ਦੀਆਂ ਖ਼ਬਰਾਂ ਮੀਡੀਆ ਦਾ ਸ਼ਿੰਗਾਰ ਬਣ ਰਹੀਆਂ ਹਨ | ਜਥੇਦਾਰ ਮੰਡੇਬਰ ਨੇ ਕਿਹਾ ਕਿ ਆਉਣ ਵਾਲੇ ਸਮੇਂ 'ਚ ਪ੍ਰਧਾਨ ਝੀਂਡਾ ਤੋਂ ਗੁਰੂ ਕੀ ਗੋਲਕ ਦੀ ਦੁਰਵਰਤੋਂ ਦੀ ਪਾਈ-ਪਾਈ ਦਾ ਹਿਸਾਬ ਲਿਆ ਜਾਵੇਗਾ | ਓਧਰ ਦੂਜੇ ਪਾਸੇ ਜਦੋਂ ਐਚ. ਐਸ. ਜੀ. ਪੀ. ਸੀ. ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ |