19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਦਿੱਲੀ ਰਾਸ਼ਟਰੀ ਚਿੜੀਆਘਰ ਵਿਚ ਬਰਡ ਫਲੂ ਦਾ ਖ਼ਤਰਾ <br/>

ਅਜੀਤ ਡੈਸਕ 31-08-2025
ਨਵੀਂ ਦਿੱਲੀ, 30 ਅਗਸਤ (ਮਿਸਰਦੀਪ ਭਾਟੀਆ)-ਦਿੱਲੀ ਦੇ ਨੈਸ਼ਨਲ ਜ਼ੂਆਲੋਜੀਕਲ ਪਾਰਕ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਇਥੇ ਵਾਟਰ ਬਰਡ ਐਵੀਅਰੀ ਵਿਚ ਦੋ ਪੇਂਟਿਡ ਸਟੋਰਕ ਪੰਛੀ ਮਿ੍ਤਕ ਪਾਏ ਹਨ | ਇਨ੍ਹਾਂ ਦੋਵਾਂ ਪੰਛੀਆਂ ਦੇ ਨਮੂਨਿਆਂ ਦੀ ਜਾਂਚ ਤੋਂ ਬਾਅਦ ਪਤਾ ਲੱਗਾ ਕਿ ਉਹ ਐਚ 5 ਐਨ 1 ਏਵੀਅਨ ਇਨਫਲੂਐਂਜ਼ਾ ਵਾਇਰਸ ਯਾਨੀ ਬਰਡ ਫਲੂ ਨਾਲ ਸੰਕਰਮਿਤ ਸਨ | ਸਾਵਧਾਨੀ ਵਜੋਂ ਚਿੜੀਆਘਰ ਆਮ ਲੋਕਾਂ ਲਈ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ |
ਨੈਸ਼ਨਲ ਜ਼ੂਆਲੋਜੀਕਲ ਪਾਰਕ ਦੇ ਡਾਇਰੈਕਟਰ ਸੰਜੀਤ ਕੁਮਾਰ ਨੇ ਦੱਸਿਆ ਹੈ ਕਿ 27 ਅਗਸਤ, 2025 ਨੂੰ ਦੋਵਾਂ ਮਰੇ ਹੋਏ ਪੰਛੀਆਂ ਦੇ ਨਮੂਨੇ ਭੁਪਾਲ ਦੇ ਨੈਸ਼ਨਲ ਇੰਸਟੀਚਿਊਟ ਫ਼ਾਰ ਹਾਈ ਸਿਕਿਓਰਿਟੀ ਐਨੀਮਲ ਡਿਸੀਜ਼ ਨੂੰ ਭੇਜੇ ਗਏ ਸਨ | ਜਾਂਚ ਰਿਪੋਰਟ 28 ਅਗਸਤ ਦੀ ਸ਼ਾਮ ਨੂੰ ਆਈ ਜਿਸ ਵਿਚ ਦੋਵੇਂ ਨਮੂਨੇ ਐਚ 5 ਐਨ 1 ਵਾਇਰਸ ਪਾਜ਼ੀਟਿਵ ਪਾਏ ਗਏ |
ਜਿਵੇਂ ਹੀ ਰਿਪੋਰਟ ਆਈ ਚਿੜੀਆਘਰ ਪ੍ਰਸ਼ਾਸਨ ਨੇ ਤੁਰੰਤ ਐਕਸ਼ਨ ਲਿਆ | ਲਾਗ ਨੂੰ ਹੋਰ ਪੰਛੀਆਂ, ਜਾਨਵਰਾਂ ਤੇ ਸਟਾਫ਼ ਵਿਚ ਫੈਲਣ ਤੋਂ ਰੋਕਣ ਲਈ ਸਖ਼ਤ ਕਦਮ ਚੁੱਕੇ ਗਏ ਹਨ |
ਸਾਰੇ ਏਰੀਆ ਵਿਚ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਬਾਇਓ ਸੁਰੱਖਿਆ ਪ੍ਰੋਟੋਕੋਲ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ | ਸਟਾਫ਼ ਨੂੰ ਵੀ ਪੂਰੀ ਤਰ੍ਹਾਂ ਸੁਚੇਤ ਰਹਿਣ ਅਤੇ ਸੁਰੱਖਿਆਤ ਕਿੱਟ ਦੀ ਵਰਤੋਂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ |
ਜਨਤਕ ਸਿਹਤ ਅਤੇ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਰਾਸ਼ਟਰੀ ਜ਼ੂਆਲੋਜੀਕਲ ਪਾਰਕ ਨੂੰ 30 ਅਗਸਤ, 2025 ਤੋਂ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤਾ ਗਿਆ ਹੈ | ਜਦ ਤੱਕ ਸਥਿਤੀ ਪੂਰੀ ਤਰ੍ਹਾਂ ਕਾਬੂ ਵਿਚ ਨਹੀਂ ਆ ਜਾਂਦੀ ਲੋਕੀ ਇਥੇ ਘੁੰਮਣ ਨਹੀਂ ਆ ਸਕਣਗੇ | ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਫ਼ੈਸਲਾ ਲੋਕਾਂ ਅਤੇ ਜਾਨਵਰਾਂ ਦੋਵਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਲਿਆ ਗਿਆ ਹੈ | ਐਚ 5 ਐਨ 1 ਇਕ ਖ਼ਤਰਨਾਕ ਏਵੀਅਨ ਇਨਫਲੂਐਂਜ਼ਾ ਵਾਇਰਸ ਹੈ ਜੋ ਮੁੱਖ ਰੂਪ ਵਿਚ ਪੰਛੀਆਂ ਨੂੰ ਸੰਕ੍ਰਮਿਤ ਕਰਦਾ ਹੈ | ਹਾਲਾਂਕਿ ਕਈ ਵਾਰ ਇਹ ਮਨੁੱਖਾਂ ਵਿਚ ਵੀ ਫੈਲ ਸਕਦਾ ਹੈ ਅਤੇ ਗੰਭੀਰ ਬਿਮਾਰੀ ਦਾ ਕਾਰਨ ਬਣ ਸਕਦਾ ਹੈ | ਇਹੀ ਵਜ੍ਹਾ ਹੈ ਕਿ ਜਿਵੇਂ ਹੀ ਕਿਸੇ ਪੰਛੀ ਵਿਚ ਇਸਦੇ ਸੰਕ੍ਰਮਣ ਦੀ ਪੁਸ਼ਟੀ ਹੁੰਦੀ ਹੈ ਤੁਰੰਤ ਅਲਰਟ ਜਾਰੀ ਕਰ ਦਿੱਤਾ ਜਾਂਦਾ ਹੈ | ਚਿੜੀਆਘਰ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਹਾਲਾਤ 'ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਸਾਰੇ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ | ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਅਫ਼ਵਾਹਾਂ 'ਤੇ ਧਿਆਨ ਨਾ ਦੇਣ ਸਿਰਫ਼ ਅਧਿਕਾਰਤ ਜਾਣਕਾਰੀ 'ਤੇ ਭਰੋਸਾ ਕਰਨ |

ਪਿਛਲੀ ਖ਼ਬਰ ਦਿੱਲੀ ਯੂਨੀਵਰਸਿਟੀ ਨੇ ਦਿੱਤਾ 'ਗ੍ਰੀਨ ਕੈਂਪਸ-ਕਲੀਨ ਕੈਂਪਸ' ਦਾ ਸੰਦੇਸ਼ <br/> ਅਗਲੀ ਖ਼ਬਰ ਸੁਤੰਤਰਤਾ ਸੈਨਾਨੀਆਂ ਦੇ ਸੁਪਨਿਆਂ ਦਾ ਭਾਰਤ ਬਣਾਉਣਗੇ ਉਨ੍ਹਾਂ ਦੇ ਪਰਿਵਾਰਕ ਮੈਂਬਰ - ਕੁਮਾਰ ਪਟੇਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।