ਨਵੀਂ ਦਿੱਲੀ, 16 ਜੂਨ (ਉਪਮਾ ਡਾਗਾ ਪਾਰਥ)-ਕੇਂਦਰ ਸਰਕਾਰ ਨੇ ਸੋਮਵਾਰ ਨੂੰ ਸਾਲ 2027 'ਚ ਜਾਤ ਆਧਾਰਿਤ ਮਰਦਮਸ਼ੁਮਾਰੀ ਦੇ ਨਾਲ ਭਾਰਤ ਦੀ 16ਵੀਂ ਮਰਦਮਸ਼ੁਮਾਰੀ ਕਰਵਾਉਣ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ | ਗ੍ਰਹਿ ਮੰਤਰਾਲੇ ਵਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਿਕ ਮਰਦਮਸ਼ੁਮਾਰੀ ਦਾ ਅਮਲ ਦੋ ਪੜਾਵਾਂ 'ਚ ਪੂਰਾ ਕੀਤਾ ਜਾਵੇਗਾ, ਜਿਸ ਤਹਿਤ ਪਹਿਲੇ ਪੜਾਅ 'ਚ ਜੰਮੂ-ਕਸ਼ਮੀਰ, ਉੱਤਰਾਖੰਡ, ਲੱਦਾਖ ਅਤੇ ਹਿਮਾਚਲ ਪ੍ਰਦੇਸ਼ 'ਚ ਮਰਦਮਸ਼ੁਮਾਰੀ 6 ਮਹੀਨੇ ਪਹਿਲਾਂ ਕਰਵਾਈ ਜਾਏਗੀ | ਬਰਫਬਾਰੀ ਤੋਂ ਪ੍ਰਭਾਵਿਤ ਇਨ੍ਹਾਂ ਰਾਜਾਂ 'ਚ ਮਰਦਮਸ਼ੁਮਾਰੀ 1 ਅਕਤੂਬਰ, 2026 ਤੋਂ ਸ਼ੁਰੂ ਹੋਵੇਗੀ, ਜਦਕਿ ਇਨ੍ਹਾਂ ਤੋਂ ਇਲਾਵਾ ਦੇਸ਼ ਭਰ 'ਚ ਮਰਦਮਸ਼ੁਮਾਰੀ ਦਾ ਅਮਲ 1 ਮਾਰਚ, 2027 ਤੋਂ ਸ਼ੁਰੂ ਹੋਵੇਗਾ | ਨੋਟੀਫਿਕੇਸ਼ਨ 'ਚ ਕਿਹਾ ਗਿਆ ਕਿ ਲੱਦਾਖ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਰਾਜਾਂ ਦੇ ਬਰਫ ਨਾਲ ਢਕੇ ਖੇਤਰਾਂ ਲਈ 1 ਅਕਤੂਬਰ, 2026 ਤੋਂ ਮਰਦਮਸ਼ੁਮਾਰੀ ਦਾ ਅਮਲ ਸ਼ੁਰੂ ਹੋਵੇਗਾ | ਦੇਸ਼ ਭਰ 'ਚ ਮਰਦਮਸ਼ੁਮਾਰੀ ਸੰਬੰਧੀ ਅੰਕੜੇ ਉਪਲਬਧ ਕਰਵਾਉਣ ਦਾ ਇਹ ਕੰਮ ਤਕਰੀਬਨ 34 ਲੱਖ ਗਿਣਤੀ ਕਰਨ ਵਾਲੇ ਮੁਲਾਜ਼ਮਾਂ ਅਤੇ ਡਿਜੀਟਲ ਉਪਕਰਨਾਂ ਨਾਲ ਲੈਸ ਤਕਰੀਬਨ 1.3 ਲੱਖ ਅਧਿਕਾਰੀਆਂ ਵਲੋਂ ਕੀਤਾ ਜਾਵੇਗਾ | ਨੋਟੀਫਿਕੇਸ਼ਨ ਜਾਰੀ ਹੋਣ ਤੋਂ ਪਹਿਲਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਗ੍ਰਹਿ ਸਕੱਤਰ, ਰਜਿਸਟਰਾਰ ਅਤੇ ਮਰਦਮਸ਼ੁਮਾਰੀ ਬਾਰੇ ਕਮਿਸ਼ਨ ਸਮੇਤ ਹੋਰ ਸੀਨੀਅਰ ਅਧਿਕਾਰੀਆਂ ਨਾਲ ਮਰਦਮਸ਼ੁਮਾਰੀ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ ਸੀ | ਗ੍ਰਹਿ ਮੰਤਰਾਲੇ ਮੁਤਾਬਿਕ ਮਰਦਮਸ਼ੁਮਾਰੀ ਦੋ ਪੜਾਵਾਂ 'ਚ ਕੀਤੀ ਜਾਵੇਗੀ | ਪਹਿਲੇ ਪੜਾਅ 'ਚ ਹਰ ਘਰ ਦੀ ਰਿਹਾਇਸ਼ੀ ਸਥਿਤੀ, ਸੰਪਤੀ ਅਤੇ ਸੁਵਿਧਾਵਾਂ ਦੀ ਜਾਣਕਾਰੀ ਇਕੱਠੀ ਕੀਤੀ ਜਾਵੇਗੀ, ਦੂਜੇ ਪੜਾਅ 'ਚ ਹਰ ਘਰ 'ਚ ਲੋਕਾਂ ਦੀ ਗਿਣਤੀ, ਉਨ੍ਹਾਂ ਦੀ ਉਮਰ, ਰੁਜ਼ਗਾਰ ਅਤੇ ਹੋਰ ਸਮਾਜਿਕ, ਆਰਥਿਕ ਅਤੇ ਸੱਭਿਆਚਰਕ ਜਾਣਕਾਰੀ ਇਕੱਠੀ ਕੀਤੀ ਜਾਵੇਗੀ | ਇਸ ਵਾਰ ਮਰਦਮਸ਼ੁਮਾਰੀ ਦੇ ਨਾਲ ਜਾਤ ਆਧਾਰਿਤ ਮਰਦਮਸ਼ੁਮਾਰੀ ਵੀ ਹੋਣ ਕਾਰਨ ਗਿਣਤੀ ਕਰਨ ਵਾਲੇ ਅਧਿਕਾਰੀ ਲੋਕਾਂ ਤੋਂ ਉਨ੍ਹਾਂ ਦੀ ਜਾਤ ਵੀ ਪੁੱਛਣਗੇ ਜੋ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਹੋਵੇਗਾ | ਇਸ ਵਾਰ ਦੀ ਮਰਦਮਸ਼ੁਮਾਰੀ ਭਾਰਤ ਦੀ ਪਹਿਲੀ ਡਿਜੀਟਲ ਮਰਦਮਸ਼ੁਮਾਰੀ ਹੋਵੇਗੀ | ਸਰਕਾਰ ਵਲੋਂ ਨਾਗਰਿਕਾਂ ਨੂੰ ਆਪਣੇ ਆਪ ਜਾਣਕਾਰੀ ਦੇਣ ਦਾ ਵਿਕਲਪ ਵੀ ਦਿੱਤਾ ਜਾਵੇਗਾ | ਮੋਬਾਈਲ ਐਪਲੀਕੇਸ਼ਨ ਦੀ ਵਰਤੋਂ ਕਰ ਕੇ ਡਿਜੀਟਲ ਤਰੀਕੇ ਨਾਲ ਇਹ ਅਮਲ ਪੂਰਾ ਕੀਤਾ ਜਾਵੇਗਾ | ਅੰਕੜੇ ਇਕੱਠੇ ਕਰਨ ਅਤੇ ਸਟੋਰ ਕਰਨ ਸਮੇਂ ਸੁਰੱਖਿਆ ਦੇ ਵੀ ਪੁਖਤਾ ਪ੍ਰਬੰਧ ਕੀਤੇ ਜਾਣਗੇ | ਇਕ ਅਨੁਮਾਨ ਮੁਤਾਬਿਕ ਇਸ ਪੂਰੇ ਅਮਲ 'ਚ 12 ਹਜ਼ਾਰ ਕਰੋੜ ਰੁਪਏ ਤੋਂ ਵੱਧ ਰਕਮ ਖ਼ਰਚ ਹੋਵੇਗੀ | ਮਰਦਮਸ਼ੁਮਾਰੀ ਕਰਨ ਵਾਲੇ ਸਟਾਫ਼ ਅਤੇ ਨਿਗਰਾਨਾਂ ਨੂੰ ਦੋ ਮਹੀਨੇ ਦੀ ਸਿਖਲਾਈ ਦਿੱਤੀ ਜਾਵੇਗੀ, ਜਿਸ 'ਚ ਡਿਜੀਟਲ ਉਪਕਰਨ ਅਤੇ ਮੋਬਾਈਲ ਐਪ ਦੀ ਵਰਤੋਂ ਕਰਨੀ ਸਿਖਾਈ ਜਾਵੇਗੀ | ਮਰਦਮਸ਼ੁਮਾਰੀ ਦਾ ਪੂਰਾ ਅਮਲ ਇਕ ਮਾਰਚ, 2027 ਤੱਕ ਖ਼ਤਮ ਕੀਤਾ ਜਾਵੇਗਾ, ਜਦਕਿ ਇਸ ਦਾ ਪ੍ਰਾਇਮਰੀ ਡੇਟਾ ਮਾਰਚ, 2027 ਅਤੇ ਤਫਸੀਲੀ ਡੇਟਾ ਦਸੰਬਰ 2027 ਤੱਕ ਜਾਰੀ ਹੋ ਸਕਦਾ ਹੈ | ਜਿਸ ਤੋਂ ਬਾਅਦ ਲੋਕ ਸਭਾ ਅਤੇ ਵਿਧਾਨ ਸਭਾ ਹਲਕਿਆਂ ਦੀ ਹੱਦਬੰਦੀ ਦਾ ਅਮਲ ਸ਼ੁਰੂ ਕੀਤਾ ਜਾ ਸਕਦਾ ਹੈ |
ਕੇਂਦਰ ਵਲੋਂ 16ਵੀਂ ਮਰਦਮਸ਼ੁਮਾਰੀ ਲਈ ਨੋਟੀਫਿਕੇਸ਼ਨ ਜਾਰੀ <br/>
ਅਜੀਤ ਡੈਸਕ
17-06-2025