ਚੰਡੀਗੜ੍ਹ, 16 ਜੂਨ (ਪੀ.ਟੀ.ਆਈ.)-ਸੋਨੀਪਤ ਦੇ ਖਰਖੋਦਾ ਖੇਤਰ ਵਿਚ ਇੱਕ ਨਹਿਰ ਵਿਚੋਂ ਇੱਕ 20 ਸਾਲਾ ਲੜਕੀ ਦੀ ਲਾਸ਼ ਮਿਲੀ, ਜਿਸ ਦੀ ਪਛਾਣ ਹਰਿਆਣਾ ਦੀ ਮਾਡਲ ਵਜੋਂ ਹੋਈ ਹੈ | ਪੁਲਿਸ ਨੇ ਸੋਮਵਾਰ ਨੂੰ ਦੱਸਿਆ ਕਿ ਸੰਗੀਤ ਵੀਡੀਓ ਬਣਾਉਣ ਵਾਲੀ ਮਾਡਲ ਵਜੋਂ ਕੰਮ ਕਰਨ ਵਾਲੀ ਸ਼ੀਤਲ ਉਰਫ਼ ਸਿੰਮੀ, ਪਾਣੀਪਤ ਵਿਚ ਆਪਣੀ ਭੈਣ ਨਾਲ ਰਹਿੰਦੀ ਸੀ ਤੇ 14 ਜੂਨ ਨੂੰ ਸ਼ੂਟਿੰਗ ਲਈ ਘਰੋਂ ਨਿਕਲੀ ਸੀ | ਜਦੋਂ ਉਹ ਵਾਪਸ ਨਹੀਂ ਆਈ, ਤਾਂ ਉਸ ਦੇ ਪਰਿਵਾਰ ਨੇ ਪਾਣੀਪਤ ਪੁਲਿਸ ਕੋਲ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ | ਪੁਲਿਸ ਨੂੰ ਸੂਚਨਾ ਮਿਲੀ ਕਿ ਨਹਿਰ ਵਿਚੋਂ ਇੱਕ ਲੜਕੀ ਦੀ ਲਾਸ਼ ਮਿਲੀ ਹੈ ਜਿਸਦੀ ਪਛਾਣ ਬਾਅਦ ਵਿਚ ਸ਼ੀਤਲ ਵਜੋਂ ਹੋਈ | ਏ.ਸੀ.ਪੀ. ਖਰਖੋਦਾ, ਸੋਨੀਪਤ, ਜੀਤ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕੀਤੇ ਜਾਣ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗੇਗਾ | ਸੋਨੀਪਤ ਦੇ ਇੱਕ ਹੋਰ ਪੁਲਿਸ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਨਹਿਰ ਵਿਚੋਂ ਇਕ ਕਾਰ ਵੀ ਮਿਲੀ ਹੈ, ਜੋ ਕਥਿਤ ਤੌਰ 'ਤੇ ਪਾਣੀਪਤ ਦੇ ਇਸਤਾਨਾ ਦੇ ਇਕ ਵਿਅਕਤੀ ਦੀ ਸੀ, ਜੋ ਤੈਰ ਕੇ ਸੁਰੱਖਿਅਤ ਬਾਹਰ ਆ ਗਿਆ ਸੀ | 'ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਔਰਤ ਇਸ ਕਾਰ ਵਿਚ ਆਦਮੀ ਦੇ ਨਾਲ ਸੀ | ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਸੀਂ ਕਤਲ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕਰ ਸਕਦੇ, ਕਿਉਂਕਿ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਦਿਖਾਈ ਦਿੰਦੇ ਹਨ | ਪਰਿਵਾਰ ਨੇ ਕੁਝ ਦੋਸ਼ ਵੀ ਲਗਾਏ ਹਨ | ਅਸੀਂ ਪੋਸਟਮਾਰਟਮ ਰਿਪੋਰਟ ਦੀ ਉਡੀਕ ਕਰ ਰਹੇ ਹਾਂ ਤੇ ਜਲਦੀ ਹੀ ਪੁੱਛਗਿੱਛ ਲਈ ਉਸ ਆਦਮੀ ਨੂੰ ਗਿ੍ਫ਼ਤਾਰ ਕੀਤਾ ਜਾਵੇਗਾ' |
ਸੋਨੀਪਤ ਦੀ ਨਹਿਰ 'ਚੋਂ ਮਿਲੀ ਹਰਿਆਣਾ ਦੀ ਮਾਡਲ ਦੀ ਲਾਸ਼
ਅਜੀਤ ਡੈਸਕ
17-06-2025