ਚੰਡੀਗੜ੍ਹ, 6 ਨਵੰਬਰ (ਸੰਦੀਪ ਕੁਮਾਰ ਮਾਹਨਾ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੀ ਨਿਯਮਤ ਜ਼ਮਾਨਤ ਦੀ ਅਰਜ਼ੀ ਵੀਰਵਾਰ ਨੂੰ ਲੰਬੀ ਸੁਣਵਾਈ ਤੋਂ ਬਾਅਦ ਸ਼ੁੱਕਰਵਾਰ ਤੱਕ ਮੁਲਤਵੀ ਕਰ ਦਿੱਤੀ ਗਈ ਹੈ | ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਹਾਈ ਕੋਰਟ ਵਿਚ ਅੱਜ ਸੁਣਵਾਈ ਦੌਰਾਨ ਸਵੇਰੇ ਪੰਜਾਬ ਸਰਕਾਰ ਨੇ ਦੋ ਦਿਨ ਦਾ ਸਮਾਂ ਮੰਗਿਆ, ਜਿਸ 'ਤੇ ਅਦਾਲਤ ਨੇ ਕਿਹਾ ਕਿ ਸੁਣਵਾਈ ਅੱਜ ਹੀ ਹੋਵੇਗੀ | ਅਦਾਲਤ ਨੇ ਸਰਕਾਰ ਨੂੰ ਸਵਾਲ ਕੀਤਾ ਕਿ ਜਦੋਂ ਚਲਾਨ (ਚਾਰਜਸ਼ੀਟ) ਪਹਿਲਾਂ ਹੀ ਪੇਸ਼ ਕੀਤਾ ਜਾ ਚੁੱਕਾ ਹੈ ਤਾਂ ਹੁਣ ਜ਼ਮਾਨਤ ਦਾ ਵਿਰੋਧ ਕਿਉਂ ਕੀਤਾ ਜਾ ਰਿਹਾ ਹੈ | ਅਦਾਲਤ ਨੇ ਇਹ ਵੀ ਟਿੱਪਣੀ ਕੀਤੀ ਕਿ ਲਗਾਏ ਜਾ ਰਹੇ ਦੋਸ਼ ਮੁਕੱਦਮੇ ਦਾ ਮਾਮਲਾ ਹਨ | ਸੁਣਵਾਈ ਦੌਰਾਨ ਸਰਕਾਰ ਨੇ ਦਲੀਲ ਦਿੱਤੀ ਕਿ ਇਸ ਮਾਮਲੇ 'ਚ ਕਰੋੜਾਂ ਰੁਪਏ ਦਾ ਘੁਟਾਲਾ ਸ਼ਾਮਿਲ ਹੈ ਅਤੇ ਜਾਂਚ ਅਜੇ ਵੀ ਜਾਰੀ ਹੈ | ਜਿਸ 'ਤੇ ਮਜੀਠੀਆ ਦੇ ਵਕੀਲ ਨੇ ਸਵਾਲ ਕੀਤਾ ਕਿ ਜਦੋਂ ਜਾਂਚ ਪੂਰੀ ਨਹੀਂ ਹੋਈ ਸੀ ਤਾਂ ਦੋਸ਼ ਪੱਤਰ ਕਿਵੇਂ ਦਾਖਲ ਕੀਤਾ ਗਿਆ | ਉਨ੍ਹਾਂ ਕਿਹਾ ਕਿ ਸਰਕਾਰ ਕਦੇ ਦਾਅਵਾ ਕਰ ਰਹੀ ਹੈ ਕਿ ਇਹ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਹੈ ਅਤੇ ਕਦੇ ਇਸ ਮਾਮਲੇ ਨੂੰ ਡਰੱਗ ਮਨੀ ਨਾਲ ਜੋੜ ਰਹੀ ਹੈ | ਅਦਾਲਤ ਨੇ ਪੁੱਛਿਆ ਤੁਸੀਂ ਸਿਰਫ਼ ਪੁਰਾਣੇ ਤੱਥਾਂ 'ਤੇ ਹੀ ਕਿਉਂ ਬਹਿਸ ਕਰ ਰਹੇ ਹੋ? ਕੀ ਤੁਹਾਡੇ ਕੋਲ ਕੁਝ ਨਵਾਂ ਨਹੀਂ ਹੈ? ਤੁਸੀਂ ਮਜੀਠੀਆ ਨੂੰ ਕਿਸ ਆਧਾਰ 'ਤੇ ਜੇਲ੍ਹ ਵਿਚ ਰੱਖ ਰਹੇ ਹੋ? ਇਸ ਗੱਲ ਦਾ ਠੋਸ ਜਵਾਬ ਦਿਓ ਕਿ ਜ਼ਮਾਨਤ ਕਿਉਂ ਨਹੀਂ ਦਿੱਤੀ ਜਾ ਸਕਦੀ | ਮਜੀਠੀਆ ਦੇ ਵਕੀਲ ਨੇ ਦਲੀਲ ਦਿੱਤੀ ਕਿ ਕਿਉਂਕਿ ਦੋਸ਼ ਪੱਤਰ ਦਾਖ਼ਲ ਕੀਤਾ ਜਾ ਚੁੱਕਾ ਹੈ ਅਤੇ ਜਾਂਚ ਅਧੂਰੀ ਦੱਸੀ ਜਾ ਰਹੀ ਹੈ, ਇਸ ਲਈ ਮਜੀਠੀਆ ਨੂੰ ਜੇਲ੍ਹ ਵਿਚ ਰੱਖਣ ਦਾ ਕੋਈ ਜਾਇਜ਼ ਕਾਰਨ ਨਹੀਂ ਹੈ | ਜਿਸ ਤੋਂ ਬਾਅਦ ਅਦਾਲਤ ਨੇ ਮਾਮਲੇ ਦੀ ਸੁਣਵਾਈ ਸ਼ੁੱਕਰਵਾਰ ਤੱਕ ਮੁਲਤਵੀ ਕਰ ਦਿੱਤੀ |