23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਬਿਹਾਰ 'ਚ ਪਹਿਲੇ ਪੜਾਅ ਲਈ ਰਿਕਾਰਡ 65 ਫ਼ੀਸਦੀ ਵੋਟਾਂ ਪਈਆਂ

ਅਜੀਤ ਡੈਸਕ 07-11-2025

ਪਟਨਾ, 6 ਨਵੰਬਰ (ਏਜੰਸੀ)-ਬਿਹਾਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਤਹਿਤ ਵੀਰਵਾਰ ਨੂੰ ਰਿਕਾਰਡ 64.66 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ, ਜੋ ਕਿ ਬਿਹਾਰ ਵਿਧਾਨ ਸਭਾ ਚੋਣਾਂ ਦੇ ਇਤਿਹਾਸ 'ਚ ਹੁਣ ਤੱਕ ਦੀ ਸਭ ਤੋਂ ਵੱਧ ਵੋਟਿੰਗ ਹੈ | ਇਸ ਤੋਂ ਪਹਿਲਾਂ ਕੇਵਲ ਸਾਲ 2000 ਵਿਚ 62.57 ਫ਼ੀਸਦੀ ਸਭ ਤੋਂ ਵੱਧ ਵੋਟਿੰਗ ਦਾ ਅੰਕੜਾ ਦਰਜ ਕੀਤਾ ਗਿਆ ਸੀ | ਚੋਣ ਕਮਿਸ਼ਨ ਨੇ ਇਕ ਬਿਆਨ 'ਚ ਕਿਹਾ ਕਿ ਪਹਿਲੇ ਪੜਾਅ ਤਹਿਤ 121 ਹਲਕਿਆਂ 'ਚ 3.75 ਕਰੋੜ ਵੋਟਰਾਂ 'ਚੋਂ ਲਗਭਗ 65 ਫ਼ੀਸਦੀ ਨੇ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰਦਿਆਂ 1,314 ਉਮੀਦਵਾਰਾਂ ਦੀ ਕਿਸਮਤ ਡੱਬਿਆਂ 'ਚ ਬੰਦ ਕਰ ਦਿੱਤੀ ਹੈ | ਜ਼ਿਕਰਯੋਗ ਹੈ ਕਿ 20 ਸਾਲਾਂ ਤੋਂ ਰਾਜ 'ਚ ਸੱਤਾ 'ਤੇ ਕਾਬਜ਼ ਸੱਤਾਧਾਰੀ ਐਨ.ਡੀ.ਏ. ਗੱਠਜੋੜ ਦੇ 'ਸ਼ੁਸਾਸਨ' ਦੇ ਨਾਅਰੇ ਅਤੇ ਆਰ.ਜੇ.ਡੀ.-ਕਾਂਗਰਸ ਗੱਠਜੋੜ ਦੇ 'ਸਭ ਲਈ ਨੌਕਰੀਆਂ' ਦੇ ਨਾਅਰੇ ਨੇ ਚੋਣ ਮੁਕਾਬਲੇ ਨੂੰ ਦਿਲਚਸਪ ਬਣਾ ਦਿੱਤਾ ਹੈ, ਜਿਸ ਕਾਰਨ ਇਸ ਵਾਰ ਬੰਪਰ ਵੋਟਿੰਗ ਦੇਖਣ ਨੂੰ ਮਿਲੀ ਹੈ | ਮੁੱਖ ਚੋਣ ਅਧਿਕਾਰੀ ਵਿਨੋਦ ਸਿੰਘ ਗੁੰਜਿਆਲ ਨੇ ਦੱਸਿਆ ਕਿ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਵੋਟਾਂ ਦਾ ਕੰਮ ਸਵੇਰੇ 7 ਵਜੇ ਸ਼ੁਰੂ ਹੋਇਆ ਅਤੇ ਸ਼ਾਮ 6 ਵਜੇ ਸਮਾਪਤ ਹੋਇਆ | ਉਨ੍ਹਾਂ ਦੱਸਿਆ ਕਿ ਲਖੀਸਰਾਏ ਤੇ ਸਾਰਨ 'ਚ ਇਕਾ-ਦੁੱਕਾ ਝੜਪਾਂ ਵਿਚਾਲੇ ਵੋਟਾਂ ਪਾਉਣ ਦਾ ਕੰਮ ਅਮਨ-ਅਮਾਨ ਨਾਲ ਸਮਾਪਤ ਹੋਇਆ, ਹਾਲਾਂਕਿ, ਬਕਸਰ, ਫਤੂਹਾ ਤੇ ਸੂਰਿਆਗੜ੍ਹ 'ਚ ਕੁਝ ਬੂਥ ਕੇਂਦਰਾਂ 'ਤੇ ਲੋਕਾਂ ਵਲੋਂ ਵੋਟਾਂ ਦਾ ਬਾਈਕਾਟ ਕੀਤਾ ਗਿਆ | ਸੂਬੇ ਦੇ 18 ਜ਼ਿਲਿ੍ਹਆਂ 'ਚ ਹੋਈ ਵੋਟਿੰਗ ਦੌਰਾਨ ਮੁਜ਼ੱਫਰਪੁਰ (70.96) ਤੇ ਸਮਸਤੀਪੁਰ (70.63) 'ਚ ਸਭ ਤੋਂ ਵੱਧ ਵੋਟਾਂ ਰਿਕਾਰਡ ਹੋਈਆਂ | ਇਸ ਤੋਂ ਬਾਅਦ ਮਧੇਪੁਰਾ 'ਚ 67.21, ਵੈਸ਼ਾਲੀ 'ਚ 67.37, ਸਹਰਸਾ 'ਚ 66.84, ਖਗੜੀਆ 'ਚ 66.36, ਲਖੀਸਰਾਏ 'ਚ 65.05, ਮੁੰਗੇਰ 'ਚ 60.40, ਸਿਵਾਨ 'ਚ 60.31, ਨਾਲੰਦਾ 'ਚ 58.91 ਅਤੇ ਪਟਨਾ 'ਚ 57.93 ਫੀਸਦੀ ਵੋਟਿੰਗ ਦਰਜ ਕੀਤੀ ਗਈ | ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ 'ਚ ਸੱਤਾਧਾਰੀ ਐਨ.ਡੀ.ਏ. ਤੇ ਵਿਰੋਧੀ ਧਿਰ 'ਇੰਡੀਆ' ਗੱਠਜੋੜ ਦੋਵਾਂ ਲਈ ਬਹੁਤ ਕੁਝ ਦਾਅ 'ਤੇ ਲੱਗਾ ਹੈ, ਕਿਉਂਕਿ ਆਰ.ਜੇ.ਡੀ. ਦੇ ਤੇਜਸਵੀ ਯਾਦਵ, ਉਪ ਮੁੱਖ ਮੰਤਰੀ ਸਮਰਾਟ ਚੌਧਰੀ ਤੇ ਵਿਜੇ ਕੁਮਾਰ ਸਿਨਹਾ ਸਮੇਤ ਕਈ ਪ੍ਰਮੁੱਖ ਆਗੂ ਤੇ ਮੰਤਰੀ ਮੈਦਾਨ 'ਚ ਹਨ | ਐਨ.ਡੀ.ਏ. ਨੂੰ ਉਮੀਦ ਹੈ ਕਿ ਮੁੱਖ ਮੰਤਰੀ ਨਿਤਿਸ਼ ਕੁਮਾਰ ਦਾ ਰਿਕਾਰਡ, ਨਾਲ ਹੀ ਹਾਲ ਹੀ 'ਚ 125 ਯੂਨਿਟ ਮੁਫ਼ਤ ਬਿਜਲੀ, ਇਕ ਕਰੋੜ ਤੋਂ ਜ਼ਿਆਦਾ ਔਰਤਾਂ ਨੂੰ 10,000 ਰੁਪਏ ਤੇ ਸਮਾਜਿਕ ਸੁਰੱਖਿਆ ਪੈਨਸ਼ਨ 'ਚ ਵਾਧੇ ਵਰਗੇ ਕਲਿਆਣਕਾਰੀ ਕਾਰਜਾਂ ਨਾਲ ਸੱਤਾ  ਵਿਰੋਧੀ ਲਹਿਰ ਦਾ ਮੁਕਾਬਲਾ ਕਰਨ 'ਚ ਮਦਦ ਮਿਲੇਗੀ | ਹਾਲਾਂਕਿ, ਵਿਰੋਧੀ ਧਿਰ ਨੇ ਭਾਜਪਾ ਦੀ ਅਗਵਾਈ ਵਾਲੇ ਗੱਠਜੋੜ ਦੇ ਦਾਅਵਿਆਂ ਨੂੰ ਖ਼ਾਰਜ ਕਰ ਦਿੱਤਾ ਤੇ ਉਮੀਦ ਜਤਾਈ ਲੋਕ ਬਦਲਾਅ ਲਈ ਵੋਟਾਂ ਪਾਉਣਗੇ | ਉਥੇ ਹੀ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦਾ ਆਪਣੀ ਜਨ ਸੁਰਾਜ ਪਾਰਟੀ ਬਾਰੇ ਮੰਨਣਾ ਹੈ ਕਿ ਇਹ ਇਕ ਛੁਪਾ ਰੁਸਤਮ ਸਾਬਿਤ ਹੋਵੇਗੀ | ਸੂਬੇ ਦੀ 243 ਮੈਂਬਰੀ ਵਿਧਾਨ ਸਭਾ ਦੀਆਂ ਬਾਕੀ 122 ਸੀਟਾਂ ਲਈ 11 ਨਵੰਬਰ ਨੂੰ ਵੋਟਾਂ ਪੈਣਗੀਆਂ, ਜਦੋਂਕਿ ਗਿਣਤੀ 14 ਨਵੰਬਰ ਨੂੰ ਹੋਵੇਗੀ |

ਪਿਛਲੀ ਖ਼ਬਰ ਰੋਟੀ ਪਲਟਣੀ ਚਾਹੀਦੀ ਹੈ ਨਹੀਂ ਤਾਂ ਸੜ ਜਾਵੇਗੀ-ਲਾਲੂ ਅਗਲੀ ਖ਼ਬਰ ਮਜੀਠੀਆ ਮਾਮਲੇ ਦੀ ਹਾਈ ਕੋਰਟ 'ਚ ਅੱਜ ਮੁੜ ਹੋਵੇਗੀ ਸੁਣਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।