ਹੁਸ਼ਿਆਰਪੁਰ, 31 ਅਗਸਤ (ਬਲਜਿੰਦਰਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਅਤੇ ਸਾਬਕਾ ਮੰਤਰੀ ਚੌਧਰੀ ਬਲਵੀਰ ਸਿੰਘ ਮਿਆਣੀ ਡੇਰਾ ਚਰਨ ਸ਼ਾਹ ਬਹਾਦਰਪੁਰ ਵਿਖੇ ਨਤਮਸਤਕ ਹੋਏ ਅਤੇ ਮੁੱਖ ਸੇਵਾਦਾਰ ਮਹੰਤ ਰਮਿੰਦਰ ਦਾਸ ਤੋਂ ਅਸ਼ੀਰਵਾਦ ਲਿਆ | ਬਾਬਾ ਸ਼੍ਰੀ ਚੰਦ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਚੱਲ ਰਹੇ ਸਮਾਗਮ ਵਿਚ ਉਕਤ ਆਗੂਆਂ ਨੇ ਵਿਸ਼ੇਸ਼ ਤੌਰ ਤੇ ਆਪਣੀ ਹਾਜ਼ਰੀ ਭਰਦਿਆਂ ਕਿਹਾ ਕਿ ਪੰਜਾਬ ਦੀ ਧਰਤੀ ਗੁਰੂਆਂ,ਪੀਰਾਂ, ਰਿਸ਼ੀਆਂ, ਮੁਨੀਆਂ , ਪੈਗ਼ੰਬਰਾਂ ਦੀ ਧਰਤੀ ਹੈ ਅਤੇ ਗੁਰੂਆਂ, ਪੀਰਾਂ ਦੀ ਮਿਹਰ ਸਦਕਾ ਹੀ ਪੰਜਾਬ ਬਚਿਆ ਹੋਇਆ ਹੈ | ਉਨ੍ਹਾਂ ਕਿਹਾ ਕਿ ਬਾਬਾ ਸ੍ਰੀ ਚੰਦ ਜੀ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਗੁਰੂ ਮਹਾਰਾਜ ਦੀ ਭਗਤੀ ਕਰਦਿਆਂ ਸੰਸਾਰ ਦੇ ਲੋਕਾਂ ਨੂੰ ਗੁਰੂ ਸਾਹਿਬ ਦੇ ਚਰਨਾਂ ਨਾਲ ,ਗੁਰਬਾਣੀ ਦੇ ਨਾਲ ਜੋੜਿਆ ਤਾਂ ਹੀ ਉਨ੍ਹਾਂ ਨੂੰ ਅੱਜ ਯਾਦ ਕੀਤਾ ਜਾ ਰਿਹਾ ਹੈ ਅਤੇ ਰਹਿੰਦੀ ਦੁਨੀਆ ਤੱਕ ਉਨ੍ਹਾਂ ਦੇ ਜਨਮ ਦਿਹਾੜੇ ਇਸੇ ਤਰ੍ਹਾਂ ਮਨਾਏ ਜਾਂਦੇ ਰਹਿਣਗੇ | ਉਨ੍ਹਾਂ ਕਿਹਾ ਕਿ ਡੇਰੇ ਦੇ ਮੁੱਖ ਸੇਵਾਦਾਰ ਮਹੰਤ ਰਮਿੰਦਰ ਦਾਸ ਜਿਹੜੇ ਜਿੱਥੇ ਸੰਗਤਾਂ ਨੂੰ ਨਾਮ ਬਾਣੀ ਦੇ ਨਾਲ ਜੋੜਦੇ ਹਨ, ਉੱਥੇ ਸਮਾਜ ਸੇਵੀ ਕੰਮਾਂ 'ਚ ਵੀ ਆਪਣਾ ਵਧ ਚੜ੍ਹ ਕੇ ਯੋਗਦਾਨ ਪਾਉਂਦੇ ਹਨ |