ਹੁਸ਼ਿਆਰਪੁਰ-ਸੰਮਤ 1551 ਭਾਦਰੋਂ ਸ਼ੁਕਲ ਪੱਖ ਦੀ ਨੌਵੀਂ ਮਿਤੀ ਨੰੂ ਸੁਲਤਾਨਪੁਰ ਲੋਧੀ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਘਰ ਮਾਤਾ ਸੁਲੱਖਣੀ ਜੀ ਦੇ ਪਵਿੱਤਰ ਉਦਰ ਤੋਂ ਸ੍ਰੀ ਚੰਦ ਜੀ ਨੇ ਜਨਮ ਲਿਆ | ਭਗਵਾਨ ਸ੍ਰੀ ਚੰਦ ਜੀ ਬਾਲ ਅਵਸਥਾ 'ਚ ਆਪਣੇ ਮਾਤਾ-ਪਿਤਾ ਅਤੇ ਪਿੰਡ ਵਾਲਿਆਂ ਨੂੰ ਆਪਣੇ ਬਾਲ ਚਰਿੱਤਰ ਤੋਂ ਖ਼ੁਸ਼ੀ ਦੇਣ ਲੱਗੇ | ਭਗਵਾਨ ਸ੍ਰੀ ਚੰਦ ਜੀ ਦੀ ਉਮਰ 11 ਸਾਲ ਦੀ ਹੋ ਗਈ ਤਾਂ ਉਨ੍ਹਾਂ ਨੂੰ ਸੰਸਕ੍ਰਿਤ, ਧਾਰਮਿਕ ਸਿੱਖਿਆ ਲਈ ਪੜ੍ਹਨੇ ਪਾ ਦਿੱਤਾ ਗਿਆ | ਉਨ੍ਹਾਂ ਨੇ ਆਪਣੇ ਮਾਤਾ -ਪਿਤਾ ਜੀ ਤੋਂ ਹੋਰ ਵਿੱਦਿਆ ਪ੍ਰਾਪਤ ਕਰਨ ਦੀ ਆਗਿਆ ਮੰਗੀ | ਫਿਰ ਭਗਵਾਨ ਸ੍ਰੀ ਚੰਦ ਜੀ ਨੇ ਪੰਡਿਤ ਪਰਸ਼ੋਤਮ ਦਾਸ ਤੋਂ ਸੰਸਕ੍ਰਿਤ ਦੀ ਸਿੱਖਿਆ ਲੈਣੀ ਸ਼ੁਰੂ ਕਰ ਦਿੱਤੀ ਥੋੜ੍ਹੇ ਸਮੇਂ ਵਿਚ ਹੀ ਸ੍ਰੀ ਚੰਦ ਜੀ ਸੰਸਕ੍ਰਿਤ ਵਿਦਿਆ ਤੋਂ ਨਿਪੁੰਨ ਹੋ ਗਏ | ਹਾੜ੍ਹ ਮਹੀਨੇ 'ਚ ਪੁੰਨਿਆਂ ਦੇ ਦਿਨ ਬਾਬਾ ਸ੍ਰੀ ਚੰਦ ਜੀ ਨੇ ਗੁਰੂ ਅਵਿਨਾਸ਼ੀ ਮੁਨੀ ਤੋਂ ਉਦਾਸੀਨ ਮਤ ਦੀ ਸਿੱਖਿਆ ਲਈ | ਉਨ੍ਹਾਂ ਨੇ ਸਾਰੇ ਭਾਰਤ ਦਾ ਦੌਰਾ ਕੀਤਾ ਤੇ ਧਰਮ ਦਾ ਉਪਦੇਸ਼ ਦਿੱਤਾ | ਬਾਬਾ ਸ੍ਰੀ ਚੰਦ ਜੀ ਨੇ ਆਪਣੇ ਚਾਰ ਧੂਣਿਆਂ ਦੀ ਸਥਾਪਨਾ ਕੀਤੀ, 4 ਚੇਲੇ ਤੇ 6 ਪਰਸ਼ਿਸ਼ ਬਣਾਏ | ਉਨ੍ਹਾਂ ਨੇ ਮਾਨਵਤਾ ਲਈ ਆਪਣਾ ਸਾਰਾ ਜੀਵਨ ਅਰਪਣ ਕਰ ਦਿੱਤਾ | ਆਪ ਜੀ ਨੇ ਆਪਣਾ ਆਖ਼ਰੀ ਉਪਦੇਸ਼ ਬਾਬਾ ਕੰਬਲੀਆ ਜੀ ਨੂੰ ਚੰਬੇ 'ਚ ਦਿੱਤਾ | ਸੋ ਇਸ ਪ੍ਰਕਾਰ ਸੰਮਤ 1669 'ਚ ਬਾਬਾ ਸ੍ਰੀ ਚੰਦ ਜੀ ਜੰਗਲ 'ਚ ਬ੍ਰਹਮਲੀਨ ਹੋ ਗਏ | ਉਦਾਸੀਨ ਆਸ਼ਰਮ ਡੇਰਾ ਬਾਬਾ ਚਰਨਸ਼ਾਹ ਬਹਾਦਰਪੁਰ, ਹੁਸ਼ਿਆਰਪੁਰ ਵਿਖੇ ਮਹੰਤ ਰਮਿੰਦਰ ਦਾਸ ਦੀ ਅਗਵਾਈ 'ਚ ਬਾਬਾ ਸ੍ਰੀ ਚੰਦ ਜੀ ਦੇ 531ਵੇਂ ਜਨਮ ਦਿਹਾੜੇ ਮੌਕੇ 1 ਸਤੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੀਆਂ ਲੜੀਆਂ ਦੇ ਭੋਗ ਪਾਏ ਜਾਣਗੇ | ਉਪਰੰਤ ਵਿਸ਼ਾਲ ਕੀਰਤਨ ਸਮਾਗਮ ਹੋਵੇਗਾ | -ਬਲਜਿੰਦਰਪਾਲ ਸਿੰਘ