ਚੌਂਕੀਮਾਨ, 16 ਅਕਤੂਬਰ (ਤੇਜਿੰਦਰ ਸਿੰਘ ਚੱਢਾ)-ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 355ਵਾਂ ਜਨਮ ਦਿਹਾੜਾ ਮਹੰਤ ਲਛਮਣ ਦਾਸ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਕਲਾਂ ਵਿਖੇ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ | ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ | ਇਸ ਮੌਕੇ ਬੋਲਦਿਆਂ ਮੈਡਮ ਰਮਨਦੀਪ ਕੌਰ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸਿੱਖ ਇਤਿਹਾਸ ਨੂੰ ਵੱਡਮੁੱਲੀ ਦੇਣ ਹੈ ਅਤੇ ਉਨ੍ਹਾਂ ਨੇ ਵਿਲੱਖਣ ਇਤਿਹਾਸ ਦੀ ਰਚਨਾ ਕੀਤੀ | ਬਾਬਾ ਜੀ ਨੇ ਹਥਿਆਰਬੰਦ ਟ੍ਰੇਡ ਫੌਜਾਂ ਦਾ ਮੁਕਾਬਲਾ ਆਮ ਲੋਕਾਂ ਵਿਚ ਜੋਸ਼ ਭਰ ਕੇ ਕੀਤਾ | ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ 'ਤੇ ਸਿੱਕੇ ਅਤੇ ਮੋਹਰ ਚਲਾਏ | ਇਸ ਮੌਕੇ ਸਕੂਲ ਦੀਆਂ ਵਿਦਿਆਰਥਣਾਂ ਨੇ ਕਵੀਸ਼ਰੀਆਂ ਪੇਸ਼ ਕੀਤੀਆਂ | ਇਸ ਮੌਕੇ ਪਿ੍ੰਸੀਪਲ ਬਲਦੇਵ ਬਾਵਾ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਕੇ ਲਿਆ | ਉਨ੍ਹਾਂ ਪਹਿਲਾਂ ਸਿੱਖ ਰਾਜ ਸਥਾਪਿਤ ਕੀਤਾ ਅਤੇ ਦੱਬੇ ਕੁਚਲੇ ਮਿਹਨਤੀ ਲੋਕਾਂ ਨੂੰ ਰਾਜਭਾਗ ਉੱਪਰ ਬਿਠਾਇਆ | ਬਾਬਾ ਜੀ ਨੇ ਮੁਜਾਰਿਆਂ ਨੂੰ ਜ਼ਮੀਨਾਂ ਦੇ ਮਾਲਕ ਬਣਾ ਕੇ ਜਗੀਰਦਾਰਾਂ ਦੀ ਚੁੰਗਲ ਵਿਚੋਂ ਛੁਡਵਾਇਆ | ਪਿ੍ੰਸੀਪਲ ਬਲਦੇਵ ਬਾਵਾ ਨੇ ਸਮੂਹ ਸੰਸਥਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਦੇ ਗੌਰਵਮਈ ਇਤਿਹਾਸ, ਬਹਾਦਰ ਸੂਰਬੀਰ ਯੋਧਿਆਂ, ਦੇਸ਼ ਭਗਤਾਂ ਅਤੇ ਕੁਰਬਾਨੀ ਵਾਲੀ ਸ਼ਖਸੀਅਤਾਂ ਨੂੰ ਯਾਦ ਕਰਨਾ ਚਾਹੀਦਾ ਹੈ | ਇਸ ਮੌਕੇ ਸਮਾਗਮ ਵਿਚ ਮੈਡਮ ਜਸਮਿੰਦਰ ਕੌਰ, ਮੈਡਮ ਅੰਮਿ੍ਤਪਾਲ ਕੌਰ, ਗੁਰਿੰਦਰਪਾਲ ਸਿੰਘ, ਗੁਰਚਰਨ ਸਿੰਘ ਅਤੇ ਸਮੂਹ ਸਟਾਫ਼ ਹਾਜ਼ਰ ਸੀ |