ਬਹਿਰਾਮਪੁਰ, 21 ਸਤੰਬਰ (ਪ੍ਰੋ: ਬਲਬੀਰ ਸਿੰਘ ਕੋਲਾ)-ਰਾਵੀ ਦਰਿਆ ਤੋਂ ਪਾਰ ਪੈਂਦੇ ਚਰਚਿਤ ਇਲਾਕੇ ਦੇ 7 ਪਿੰਡਾਂ ਦੇ ਲੋਕਾਂ ਤੱਕ ਮੈਡੀਕਲ ਸਹੂਲਤਾਂ ਪਹੁੰਚਾਉਣ ਲਈ ਡਾ: ਸਵੈਮਾਨ ਸਿੰਘ ਯੂ.ਐਸ.ਏ. ਵਾਲਿਆਂ ਦੀ ਅਗਵਾਈ ਵਿਚ ਅੰਤਰਰਾਸ਼ਟਰੀ ਪੱਧਰ 'ਤੇ ਕੰਮ ਕਰਦੀ 5 ਰੀਵਰਸ ਹਾਰਟ ਸੰਸਥਾ ਦੇ ਸੇਵਾਦਾਰ ਡਾਕਟਰਾਂ ਦੀ ਟੀਮ ਮਕੌੜਾ ਪੱਤਨ 'ਤੇ ਪਹੁੰਚੀ ਹੈ, ਜੋ ਕੱਲ੍ਹ ਸਵੇਰੇ ਰਾਵੀ ਦਰਿਆ ਤੋਂ ਪਾਰ ਪੈਂਦੇ ਇਲਾਕੇ ਦੇ ਲੋਕਾਂ ਦਾ ਚੈਕਅੱਪ ਕਰਕੇ ਮੁਫ਼ਤ ਦਵਾਈਆਂ ਦੀ ਸੇਵਾ ਕਰੇਗੀ | ਜਾਣਕਾਰੀ ਦਿੰਦਿਆਂ ਪਿੰਡ ਸੁਰ ਸਿੰਘ ਤੋਂ ਡਾ: ਸਵੈਮਾਨ ਸਿੰਘ ਦੇ ਭਗਤਾਂ ਤੇ ਮਾਝਾ ਜ਼ੋਨ ਦੇ ਮੁੱਖ ਸੇਵਾਦਾਰ ਡਾ: ਵਿਵੇਕ ਸਿੰਘ ਛੀਨਾ ਨੇ ਦੱਸਿਆ ਕਿ 5 ਰੀਵਰਸ ਹਾਰਟ ਸੰਸਥਾ ਅੰਤਰਰਾਸ਼ਟਰੀ ਸੰਸਥਾ ਹੈ ਤੇ ਅਵਤਾਰ ਸਿੰਘ ਢਿੱਲੋਂ ਭਾਰਤ ਦੇ ਮੁੱਖ ਸੇਵਾਦਾਰ ਹਨ | ਸੰਸਥਾ ਵਲੋਂ ਪੰਜਾਬ ਦੇ ਹੜ੍ਹ ਪੀੜਤ ਇਲਾਕਿਆਂ 'ਚ ਲੋਕਾਂ ਦੀ ਸੇਵਾ ਕੀਤੀ ਜਾ ਰਹੀ ਹੈ | ਇਸ ਤੋਂ ਪਹਿਲਾਂ ਸੰਸਥਾ ਵਲੋਂ ਫਾਜ਼ਿਲਕਾ, ਜਲਾਲਾਬਾਦ, ਸੁਲਤਾਨਪੁਰ ਲੋਧੀ, ਹਰੀਕੇ ਹੈਡ, ਅਜਨਾਲਾ, ਰਮਦਾਸ, ਡੇਰਾ ਬਾਬਾ ਨਾਨਕ ਵਿਖੇ ਆਪਣੇ ਸਲੋਗਨ 'ਜੇ ਅਸੀਂ ਨਹੀਂ ਤਾਂ ਕੌਣ, ਜੇ ਹੁਣ ਨਹੀਂ ਤਾਂ ਕਦੋਂ' ਤਹਿਤ ਹੜ੍ਹ ਪੀੜਤ ਇਲਾਕਿਆਂ ਦੇ ਲੋਕਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ | ਹੁਣ ਅਸੀਂ ਕੱਲ੍ਹ ਤੋਂ ਰਾਵੀ ਦਰਿਆ ਦੇ ਪਾਰ ਪੈਂਦੇ ਇਲਾਕੇ ਦੇ 7 ਪਿੰਡਾਂ ਤੱਕ ਆਪਣੀ ਕਿਸ਼ਤੀ ਰਾਹੀਂ ਪਹੁੰਚ ਕਰਕੇ ਦਵਾਈਆਂ ਦੀ ਸੇਵਾ ਕਰਾਂਗੇ | ਇਸ ਮੌਕੇ ਡਾ: ਅੰਮਿ੍ਤਪਾਲ ਸਿੰਘ, ਡਾ: ਗੁਰਸਿਮਰਨ ਸਿੰਘ ਬੁੱਟਰ, ਡਾ: ਪੁਨੀਤ ਕੌਰ, ਡਾ: ਸੁਖਮਨ ਸਿੰਘ ਢਿੱਲੋਂ, ਵੈਟਰਨਰੀ ਡਾ: ਬਖ਼ਸ਼ਪ੍ਰੀਤ ਸਿੰਘ, ਅੰਗਰੇਜ਼ ਸਿੰਘ ਤੇ ਹਰਮਨ ਸਿੰਘ ਹਾਜ਼ਰ ਸਨ |