02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2025

ਨਵੇਂ ਸਾਲ ਦਾ ਨਵਾਂ ਸਵੇਰਾ ਖੁਸ਼ੀਆਂ ਲੈ ਕੇ ਆਇਆ

ਅਜੀਤ ਡੈਸਕ 01-01-2025

ਪੱਤਾ ਪੱਤਾ ਡਾਲੀ ਡਾਲੀ ਲਗਦਾ ਜਿਵੇਂ ਮਹਿਕਾਇਆ!
ਨਵੇਂ ਸਾਲ ਦਾ ਨਵਾਂ ਸਵੇਰਾ ਖੁਸ਼ੀਆਂ ਲੈ ਕੇ ਆਇਆ।

ਸਿੱਪੀਆਂ ਦੇ ਵਿਚ ਮੋਤੀ ਲੱਗਣ ਬਣੇ ਤ੍ਰੇਲ ਦੇ ਤੁਪਕੇ,
ਸੂਰਜ ਕੋਲੋਂ ਆਈਆਂ ਕਿਰਨਾਂ ਕੋਲ ਬੈਠੀਆਂ ਛੁਪ ਕੇ,
ਕੋਸੀ ਕੋਸੀ ਧੁੱਪ ਨੇ ਬਿਰਖਾਂ ਨੂੰ ਹੈ ਨਸ਼ਾ ਚੜ੍ਹਾਇਆ
ਨਵੇਂ ਸਾਲ ਦਾ ਨਵਾਂ ਸਵੇਰਾ ਖੁਸ਼ੀਆਂ ਲੈ ਕੇ ਆਇਆ।

ਤਿੱਤਲੀਆਂ ਸੰਗ ਭੌਰੇ ਹੋਏ ਫਿਰਦੇ ਨੇ ਮਤਵਾਲੇ,
ਚੁੰਮਣ ਲੈਂਦੇ ਫੁੱਲਾਂ ਦਾ ਤੇ ਘੁੰਮਦੇ ਆਲੇ-ਦੁਆਲੇ,
ਮੋਹ ਦਾ ਸੱਦਾ ਦੇ ਕੇ ਲਗਦਾ ਮਹਿਕਾਂ ਆਪ ਬੁਲਾਇਆ
ਨਵੇਂ ਸਾਲ ਦਾ ਨਵਾਂ ਸਵੇਰਾ ਖੁਸ਼ੀਆਂ ਲੈ ਕੇ ਆਇਆ।

ਪੌਣਾ ਜਿਉਂ ਮਦਹੋਸ਼ ਨੇ ਹੋ ਕੇ ਵਗੀਆਂ ਆਪ-ਮੁਹਾਰੇ,
ਮਸਤੀ ਦੇ ਵਿਚ ਝੂਮ ਰਹੇ ਨੇ ਅੱਜ ਪਰਿੰਦੇ ਸਾਰੇ,
ਲੱਗੇ ਜੀਕਣ ਰਾਗ ਕਿਸੇ ਨੇ ਆਣ ਬਸੰਤੀ ਗਾਇਆ
ਨਵੇਂ ਸਾਲ ਦਾ ਨਵਾਂ ਸਵੇਰਾ ਖੁਸ਼ੀਆਂ ਲੈ ਕੇ ਆਇਆ।

ਘਰ ਘਰ ਦੇ ਵਿਚ ਹੋਵਣ ਵੇਖੋ ਸੁੱਖ ਦੇ ਲਈ ਅਰਦਾਸਾਂ
ਨਵੇਂ ਸਾਲ 'ਤੇ ਸਿਰਜ ਰਿਹਾ ਹੈ ਹਰ ਕੋਈ ਨਵੀਆਂ ਆਸਾਂ
'ਪਾਰਸ' ਨੇ ਵੀ ਉਸ ਦਾਤੇ ਤੋਂ ਭਲਾ ਹੈ ਸਭ ਦਾ ਚਾਹਿਆ,
ਨਵੇਂ ਸਾਲ ਦਾ ਨਵਾਂ ਸਵੇਰਾ ਖ਼ੁਸ਼ੀਆਂ ਲੈ ਕੇ ਆਇਆ।

-ਪ੍ਰਤਾਪ 'ਪਾਰਸ' ਗੁਰਦਾਸਪੁਰੀ
787/10, ਪ੍ਰੇਮ ਨਗਰ, ਹਰਦੋਛੰਨੀ ਰੋਡ, ਗੁਰਦਾਸਪੁਰ।
ਮੋਬਾਈਲ : 99888-11681

ਪਿਛਲੀ ਖ਼ਬਰ ਹੇ! ਨਵੇਂ ਸਾਲ ਦੇ ਸੂਰਜਾ... ਅਗਲੀ ਖ਼ਬਰ ਲੈ ਕੇ ਖ਼ੁਸ਼ੀਆਂ ਦੇ ਥਾਲ...* ਹਰਵਿੰਦਰ ਉਹੜਪੁਰੀ (ਲੈਕਚਰਾਰ) *

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।