ਚੰਡੀਗੜ੍ਹ, 16 ਜੂਨ (ਮਾਰਕੰਡਾ)-ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਦੇ ਆਖ਼ਰੀ ਸਾਲ ਦੇ ਮਕੈਨੀਕਲ ਇੰਜੀਨੀਅਰਿੰਗ ਵਿਦਿਆਰਥੀ ਸੁਰਵਗਯਾ ਬਾਲੀ, ਨਿਖਿਲ ਸੈਣੀ ਤੇ ਮਯੰਕ ਭਟਨਾਗਰ ਨੇ ਹਾਲ ਹੀ ਵਿਚ ਬਜਾਜ ਟੀ. ਓ. ਆਰ. ਕਿਊ ਤੇ ਓ. ਐਚ. ਐਮ. ਚੈਲੰਜ ਦੇ ਗ੍ਰੈਂਡ ਫਿਨਾਲੇ 'ਚ ਕਾਲਜ ਦੀ ਨੁਮਾਇੰਦਗੀ ਕੀਤੀ | ਇਨ੍ਹਾਂ ਵਿਦਿਆਰਥੀਆਂ ਨੇ ਕੈਂਪਸ ਜੇਤੂ ਬਣਨ ਤੋਂ ਇਲਾਵਾ, ਕੁਇਜ਼ ਰਾਊਾਡ ਤੇ ਡਿਜ਼ਾਈਨ ਥਿੰਕਿੰਗ ਚੈਲੰਜ ਦੋਹਾਂ ਵਿਚ ਸ਼ਾਨਦਾਰ ਜਿੱਤ ਦਰਜ ਕਰਦੇ ਹੋਏ ਰਾਸ਼ਟਰੀ ਪੱਧਰ 'ਤੇ ਪਹਿਲਾ ਸਥਾਨ ਹਾਸਿਲ ਕੀਤਾ | ਉਨ੍ਹਾਂ ਦੀ ਇਸ ਵਧੀਆ ਪ੍ਰਦਰਸ਼ਨ ਲਈ ਉਨ੍ਹਾਂ ਨੂੰ 30 ਹਜ਼ਾਰ ਦੀ ਨਕਦ ਇਨਾਮ ਰਾਸ਼ੀ ਦਿੱਤੀ ਗਈ | ਪੈੱਕ ਦੇ ਨਿਰਦੇਸ਼ਕ ਪ੍ਰੋ. (ਡਾ.) ਰਾਜੇਸ਼ ਭਾਟੀਆ ਨੇ ਵਿਦਿਆਰਥੀਆ ਨੂੰ ਸਨਮਾਨਿਤ ਕੀਤਾ | ਇਸ ਚੈਲੰਜ ਦੀ ਮੇਜ਼ਬਾਨੀ ਬਜਾਜ ਵਲੋਂ ਕੀਤੀ ਗਈ, ਜਿਸ 'ਚ ਦੇਸ਼ ਦੇ 29 ਪ੍ਰਮੁੱਖ ਇੰਜੀਨੀਅਰਿੰਗ ਸੰਸਥਾਵਾਂ ਜਿਵੇਂ ਕਿ ਆਈ. ਆਈ. ਟੀ., ਐਨ. ਆਈ. ਟੀ., ਆਈ. ਆਈ. ਐਸ. ਬੈਂਗਲੋਰੂ, ਪੈੱਕ ਚੰਡੀਗੜ੍ਹ ਤੇ ਕਈ ਪ੍ਰਸਿੱਧ ਪ੍ਰਾਈਵੇਟ ਯੂਨੀਵਰਸਿਟੀਆਂ ਦੇ 1500 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ | ਕਈ ਚਰਨਾਂ ਦੇ ਸਿਲੈੱਕਸ਼ਨ ਪੋ੍ਰਸੈੱਸ ਤੋਂ ਬਾਅਦ ਚੁਣੇ ਹੋਏ ਕੈਂਪਸ ਜੇਤੂਆਂ ਨੂੰ ਗ੍ਰੈਂਡ ਫਿਨਾਲੇ ਲਈ ਬੁਲਾਇਆ ਗਿਆ, ਜਿਥੇ ਉਨ੍ਹਾਂ ਨੂੰ ਇਲੈਕਟਿ੍ਕ ਵਾਹਨਾਂ ਦੀ ਨਵੀਨਤਾ ਤੇ ਮੋਬਿਲਿਟੀ ਹੱਲ ਨਾਲ ਸੰਬੰਧਿਤ ਅਸਲ ਜ਼ਿੰਦਗੀ ਦੇ ਇੰਜੀਨੀਅਰਿੰਗ ਸਮੱਸਿਆਵਾਂ ਦੇ ਹੱਲ ਪੇਸ਼ ਕਰਨੇ ਪਏ | ਪੈੱਕ ਦੀ ਟੀਮ ਨੇ ਮੋਟਰਸਾਈਕਲ ਦੇ ਮੈਨ ਸਟੈਂਡ ਨੂੰ ਵਾਪਸ ਖਿੱਚਣ ਦੌਰਾਨ ਪੈਦਾ ਹੋਣ ਵਾਲੇ ਸ਼ੋਰ ਨੂੰ ਘਟਾਉਣ ਲਈ ਹੱਲ ਪੇਸ਼ ਕੀਤਾ | ਉਨ੍ਹਾਂ ਨੇ ਮੋਸ਼ਨ ਅਤੇ ਝਟਕਿਆਂ ਦੀ ਵਿਗਿਆਨਕ ਜਾਂਚ ਤੋਂ ਬਾਅਦ ਇਕ ਡੈਮਪਿੰਗ ਮਕੈਨਿਜ਼ਮ ਦਾ ਸੁਝਾਅ ਦਿੱਤਾ, ਜੋ ਕੰਪਨ ਨੂੰ ਘਟਾਉਂਦਾ ਹੈ ਅਤੇ ਝਟਕਿਆਂ ਨੂੰ ਸੋਖਦਾ ਹੈ | ਉਨ੍ਹਾਂ ਦੇ ਡਿਜ਼ਾਈਨ ਨੂੰ ਤਕਨੀਕੀ ਲਾਗੂਯੋਗਤਾ ਅਤੇ ਅਭਿਆਸਕ ਪੱਧਰ 'ਤੇ ਉਪਯੋਗਤਾ ਲਈ ਖ਼ੂਬ ਸਰਾਹਿਆ ਗਿਆ |